ਪੰਜਾਬ ਦੀ ਸਿਆਸਤ ’ਚ ਅਕਾਲੀ ਦਲ ਦੀ ਵਾਪਸੀ ਤੈਅ : ਰੰਧਾਵਾ
ਪੰਜਾਬ ਦੀ ਸਿਆਸਤ ਵਿਚ ਅਕਾਲੀ ਦਲ ਦੀ ਵਾਪਸੀ ਤੈਅ ਹੈ : ਰੰਧਾਵਾ
Publish Date: Sat, 07 Mar 2026 08:41 PM (IST)
Updated Date: Sat, 07 Mar 2026 08:45 PM (IST)

--ਪੰਜਾਬ ਬਚਾਓ ਰੈਲੀਆਂ ਨੇ ਵਿਰੋਧੀਆਂ ਦੀਆਂ ਨੀਂਦਾਂ ਉਡਾਈਆਂ : ਤਨਵੀਰ ਰੰਧਾਵਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤਨਵੀਰ ਸਿੰਘ ਰੰਧਾਵਾ ਨੇ ਅੱਜ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਸੂਬੇ ਭਰ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ਪੰਜਾਬ ਬਚਾਓ ਰੈਲੀਆਂ ਨੂੰ ਮਿਲ ਰਹੇ ਆਪ ਮੁਹਾਰੇ ਇਕੱਠਾਂ ਨੇ ਸਿਆਸੀ ਮਾਹੌਲ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਰੈਲੀਆਂ ਨਾ ਸਿਰਫ਼ ਵਿਰੋਧੀ ਪਾਰਟੀਆਂ ਲਈ ਚਿੰਤਾ ਦਾ ਕਾਰਨ ਬਣੀਆਂ ਹਨ, ਸਗੋਂ ਇਹ ਵੀ ਸਾਬਤ ਕਰ ਰਹੀਆਂ ਹਨ ਕਿ ਸੂਬੇ ਅੰਦਰ ਅਕਾਲੀ ਦਲ ਦੁਬਾਰਾ ਸਭ ਤੋਂ ਵੱਡੀ ਸਿਆਸੀ ਤਾਕਤ ਵਜੋਂ ਉਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਦੀ ਸ਼ਮੂਲੀਅਤ ਇਹ ਦਰਸਾ ਰਹੀ ਹੈ ਕਿ ਪੰਜਾਬ ਦੀ ਜਨਤਾ ਮੌਜੂਦਾ ਹਾਲਾਤਾਂ ਤੋਂ ਨਾਰਾਜ਼ ਹੈ ਤੇ ਬਦਲਾਅ ਚਾਹੁੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਅਕਾਲੀ ਦਲ ਦੀਆਂ ਨੀਤੀਆਂ ਤੇ ਪਿਛਲੇ ਸਮੇਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਨੂੰ ਯਾਦ ਕਰ ਰਹੇ ਹਨ। ਰੰਧਾਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਦੂਰਦਰਸ਼ੀ ਅਗਵਾਈ ਹੇਠ ਪਾਰਟੀ ਮੁੜ ਇਕਜੁੱਟ ਹੋ ਕੇ ਅੱਗੇ ਵੱਧ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਆਗੂਆਂ ਨੇ ਕਿਸੇ ਕਾਰਨ ਪਾਰਟੀ ਛੱਡ ਦਿੱਤੀ ਸੀ, ਉਹ ਵੀ ਹੁਣ ਵੱਡੀ ਗਿਣਤੀ ਵਿਚ ਵਾਪਸ ਪਰਤ ਰਹੇ ਹਨ ਤੇ ਪਾਰਟੀ ਪ੍ਰਧਾਨ ਦੀ ਲੀਡਰਸ਼ਿਪ ਨੂੰ ਕਬੂਲ ਕਰ ਰਹੇ ਹਨ। ਇਹ ਗੱਲ ਆਪਣੇ-ਆਪ ਵਿਚ ਸਬੂਤ ਹੈ ਕਿ ਅਕਾਲੀ ਦਲ ਦੀ ਜੜ੍ਹਾਂ ਅੱਜ ਵੀ ਲੋਕਾਂ ਵਿਚ ਮਜ਼ਬੂਤ ਹਨ। ਰੰਧਾਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਲਈ ਡਟ ਕੇ ਆਵਾਜ਼ ਬੁਲੰਦ ਕੀਤੀ ਹੈ। ਚਾਹੇ ਕਿਸਾਨਾਂ ਦੇ ਮੁੱਦੇ ਹੋਣ, ਨੌਜਵਾਨਾਂ ਦੀ ਰੋਜ਼ਗਾਰ ਸੰਬੰਧੀ ਸਮੱਸਿਆਵਾਂ ਜਾਂ ਸੂਬੇ ਦੀ ਆਰਥਿਕ ਮਜ਼ਬੂਤੀ ਦਾ ਮਾਮਲਾ ਹੋਵੇ, ਹਰ ਮੰਚ ’ਤੇ ਉਨ੍ਹਾਂ ਨੇ ਪੰਜਾਬ ਦੀ ਪੱਖਦਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦੀ ਮਿਹਨਤ ਤੇ ਜ਼ਮੀਨੀ ਪੱਧਰ ’ਤੇ ਕੀਤੀ ਜਾ ਰਹੀ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਹਰ ਵਰਗ ਦੇ ਲੋਕ ਰੈਲੀਆਂ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਤੇ ਮਾਝੇ ਦੇ ਜਰਨੈਲ ਮਜੀਠੀਆ ਦੀ ਜ਼ਮਾਨਤ ਤੇ ਰਿਹਾਈ ਨਾਲ ਜਿਥੇ ਵਿਰੋਧੀ ਧਿਰਾਂ ਵਿਚ ਘਬਰਾਹਟ ਪੈਦਾ ਹੋਈ ਹੈ, ਉਥੇ ਪਾਰਟੀ ਵਰਕਰਾਂ ਵਿਚ ਨਵਾਂ ਜੋਸ਼ ਭਰਿਆ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਹਮੇਸ਼ਾ ਪਾਰਟੀ ਦੇ ਮਜ਼ਬੂਤ ਸਤੰਭ ਰਹੇ ਹਨ ਤੇ ਉਨ੍ਹਾਂ ਦੀ ਵਾਪਸੀ ਨਾਲ ਸੰਗਠਨ ਹੋਰ ਮਜ਼ਬੂਤ ਹੋਵੇਗਾ। ਰੰਧਾਵਾ ਨੇ ਕਿਹਾ ਕਿ ਪੰਜਾਬ ਬਚਾਓ ਰੈਲੀਆਂ ਦਾ ਮੁੱਖ ਮਕਸਦ ਸੂਬੇ ਦੀ ਜਨਤਾ ਨੂੰ ਮੌਜੂਦਾ ਹਕੂਮਤ ਦੀਆਂ ਨਾਕਾਮੀਆਂ ਬਾਰੇ ਜਾਗਰੂਕ ਕਰਨਾ ਤੇ ਅਕਾਲੀ ਦਲ ਦੀਆਂ ਨੀਤੀਆਂ ਨਾਲ ਜੋੜਨਾ ਹੈ । ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰਾਂ ਦੌਰਾਨ ਸੂਬੇ ਵਿਚ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਵੱਡੇ ਪ੍ਰਾਜੈਕਟ ਲਾਗੂ ਕੀਤੇ ਗਏ, ਪਿੰਡਾਂ ਦੀ ਕੁਨੈਕਟਿਵਿਟੀ ਸੁਧਾਰੀ ਗਈ ਅਤੇ ਕਿਸਾਨਾਂ ਲਈ ਕਈ ਭਲਾਈ ਯੋਜਨਾਵਾਂ ਚਲਾਈਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਮੁਸ਼ਕਿਲ ਸਮਿਆਂ ਵਿਚ ਵੀ ਪਾਰਟੀ ਨੂੰ ਮਜ਼ਬੂਤੀ ਨਾਲ ਸੰਭਾਲਿਆ ਹੈ। ਉਨ੍ਹਾਂ ਦੀ ਰਣਨੀਤੀ, ਸੰਗਠਨਾਤਮਕ ਕਾਬਲੀਅਤ ਤੇ ਵਰਕਰਾਂ ਨਾਲ ਨਜ਼ਦੀਕੀ ਹੀ ਅੱਜ ਅਕਾਲੀ ਦਲ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦਾ ਸਾਫ ਸੁਥਰਾ ਵਿਜ਼ਨ ਤੇ ਪੰਜਾਬ ਪ੍ਰਤੀ ਸਮਰਪਣ ਹੀ ਅਕਾਲੀ ਦਲ ਨੂੰ ਦੁਬਾਰਾ ਸੱਤਾ ਦੇ ਨੇੜੇ ਲੈ ਕੇ ਆ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਨਤਾ ਦਾ ਵਧਦਾ ਸਮਰਥਨ ਸਪੱਸ਼ਟ ਸੰਕੇਤ ਹੈ ਕਿ ਪੰਜਾਬ ਦੀ ਸਿਆਸਤ ਵਿਚ ਅਕਾਲੀ ਦਲ ਦੀ ਵਾਪਸੀ ਤੈਅ ਹੈ।