ਅਕਾਲੀ ਦਲ ਪੰਜਾਬੀਆਂ ਲਈ ਹਮੇਸ਼ਾ ਡੱਟ ਕੇ ਖੜ੍ਹਾ ਰਿਹਾ : ਵਾਲੀਆ
ਅਕਾਲੀ ਦਲ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਡੱਟ ਕੇ ਖੜ੍ਹਾ ਰਿਹਾ ਹੈ: ਵਾਲੀਆ
Publish Date: Sat, 02 May 2026 09:36 PM (IST)
Updated Date: Sat, 02 May 2026 09:38 PM (IST)

--ਪਾਰਟੀ ਨੇ ਬਬਲਾ, ਖਾਨੋਵਾਲ, ਦਰਸ਼ਨ ਸਿੰਘ ਮੱਲੂ ਕਾਦਰਾਬਾਦ ਨੂੰ ਕੀਤਾ ਸਨਮਾਨਿਤ ---ਅਕਾਲੀ ਦਲ ਦੀਆ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਵਰਕਰ : ਸਿੱਧੂ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅਜੈ ਬਬਲਾ ਨੂੰ ਸ਼ਹਿਰੀ ਪ੍ਰਧਾਨ, ਹਰਜਿੰਦਰ ਸਿੰਘ ਖਾਨੋਵਾਲ ਦਿਹਾਤੀ ਪ੍ਰਧਾਨ ਤੇ ਦਰਸ਼ਨ ਸਿੰਘ ਮੱਲੂ ਕਾਦਰਾਬਾਦ ਨੂੰ ਬੀਸੀ ਵਿੰਗ ਰੂਲਰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜਥੇਦਾਰ ਜਰਨੈਲ ਸਿੰਘ ਨੱਥੂ ਚਾਹਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਯੋਜਿਤ ਸਨਮਾਨ ਸਮਾਰੋਹ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਤੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਨੇ ਨਵੇਂ ਸ਼ਹਿਰੀ ਤੇ ਦਿਹਾਤੀ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਲਈ ਡੱਟ ਕੇ ਖੜ੍ਹਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸੋਚ ਤੇ ਨੀਤੀਆਂ ਸਦਾ ਹੀ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਤੇ ਨੌਜਵਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਕਾਰਨ ਹਰ ਵਰਗ ਪਰੇਸ਼ਾਨ ਹੈ ਤੇ ਲੋਕ ਬਦਲਾਅ ਦੀ ਭਾਲ ਵਿਚ ਹਨ। ਵਾਲੀਆ ਨੇ ਨਵੇਂ ਸ਼ਹਿਰੀ ਤੇ ਦਿਹਾਤੀ ਪ੍ਰਧਾਨਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਤੇ ਉਪਲਬਧੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਤੇ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਕਰਨ। ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਨੇ ਚਾਰ ਸਾਲ ਵਿਚ ਹਵਾ ਵਿਚ ਤਲਵਾਰਾਂ ਮਾਰਨ ਤੋਂ ਸਵਾਏ ਪੰਜਾਬੀਆਂ ਨੂੰ ਕੁਝ ਨਹੀਂ ਦਿੱਤਾ ਜਦੋਂ ਕਿ ਸਰਕਾਰ ਬਣਨ ਤੋਂ ਪਹਿਲਾਂ ਵੱਡੇ-ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਅਜਿਹਾ ਲੁੱਟਿਆ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲੋਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਜਿਤਾਉਣ ਦਾ ਮਨ ਬਣਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਸਾਰੇ ਵਰਗਾਂ ਨੂੰ ਬਰਾਬਰ ਦਾ ਮਾਣ ਦਿੱਤਾ, ਬੇਰੁਜ਼ਗਾਰੀ ਭੱਤਾ, ਮਜ਼ਦੂਰਾਂ ਲੋੜਵੰਦ ਤੇ ਗਰੀਬਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਦਿੱਤੀਆਂ,ਪਰ ਸਮੇਂ ਦੀ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਵੀ ਖੋਹ ਲਈਆਂ। ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਬੰਦ ਹੋਈਆਂ ਸਾਰੀਆਂ ਸਹੂਲਤਾਂ ਜਾਰੀ ਕੀਤੀਆਂ ਜਾਣਗੀਆਂ। ਇਸ ਦੌਰਾਨ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਗੁਰਦਿਆਲ ਸਿੰਘ ਨੱਥੂ ਚਾਹਲ, ਸੋਢੀ ਨੱਥੂ ਚਾਹਲ, ਮਹਿੰਦਰ ਸਿੰਘ ਨੱਥੂ ਚਾਹਲ,ਬਲਵੀਰ ਸਿੰਘ ਨੱਥੂ ਚਾਹਲ, ਸੁਰਿੰਦਰ ਸਿੰਘ ਨਰਾਇਣਗੜ੍ਹ, ਅਮਰਜੀਤ ਸਿੰਘ ਪੰਚ ਨੱਥੂ ਚਾਹਲ, ਜਸਬੀਰ ਸਿੰਘ ਨੱਥੂ ਚਾਹਲ, ਨਿੱਕਾ ਨੱਥੂ ਚਾਹਲ, ਬਿੰਦਰ ਨੱਥੂ ਚਾਹਲ ਆਦਿ ਹਾਜ਼ਰ ਸਨ।