ਅਕਾਲ ਗਲੈਕਸੀ ਦੇ ਵਿਦਿਆਰਥੀ ਜਪਾਨ ਜਾਣਗੇ
ਅਕਾਲ ਗਲੈਕਸੀ ਸਕੂਲ ਦੇ ਵਿਦਿਆਰਥੀ ਕਰਾਟੇ ਚੈਂਪੀਅਨਸ਼ਿਪ ਜਪਾਨ ’ਚ ਭਾਗ ਲੈਣਗੇ
Publish Date: Thu, 07 May 2026 06:54 PM (IST)
Updated Date: Thu, 07 May 2026 06:56 PM (IST)
ਕੁਲਬੀਰ ਸਿੰਘ ਮਿੰਟੂ, ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪ੍ਰਿੰਸੀਪਲ ਮੈਡਮ ਮੋਨਾ ਘਈ ਦੀ ਅਗਵਾਈ ਅਧੀਨ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਦੀ ਕਰਾਟੇ ਟੀਮ ਨੇ 3 ਤੋਂ 4 ਮਈ 2026 ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਇੰਡੋਰ ਸਟੇਡੀਅਮ ਵਿਚ ਹੋਈ 15ਵੀਂ ਸਾਊਥ ਏਸ਼ੀਅਨ ਹਕੁਆਕਾਈ ਕਰਾਟੇ ਚੈਂਪੀਅਨਸ਼ਿਪ-2026 ਵਿਚ ਭਾਗ ਲਿਆ, ਜਿਸ ਵਿਚ ਜੂਨੀਅਰ ਤੇ ਸੀਨੀਅਰ ਗਰੁੱਪ ਦੇ ਖਿਡਾਰੀਆਂ ਨੂੰ ਆਪਣੇ ਹੁਨਰ ਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਗੋਲਡ ਤੇ ਸਿਲਵਰ ਮੈਡਲ ਪ੍ਰਾਪਤ ਕੀਤੇ। ਇਹ ਖਿਡਾਰੀ ਹੁਣ ਵਰਲਡ ਵਿਸ਼ਵ ਹਾਕੁਆਕਾਈ ਕਰਾਟੇ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦੀ ਅਗਵਾਈ ਕਰਨਗੇ ਜੋ ਕਿ 7 ਤੋਂ 9 ਅਗਸਤ 2026 ਨੂੰ ਅਜ਼ੂਸਾਵਾ ਸਟੇਡੀਅਮ ਇਟਾਬਾਸ਼ੀ ਵਾਰਡ ਟੋਕੀਓ ਜਾਪਾਨ ਵਿਚ ਆਯੋਜਿਤ ਕੀਤੀ ਜਾਵੇਗੀ। ਪ੍ਰਿੰਸੀਪਲ ਮਿਸ ਮੋਨਾ ਘਈ ਨੇ ਵਿਦਿਆਰਥੀਆਂ ਨੂੰ ਇਸ ਮਹੱਤਵਪੂਰਨ ਮੰਚ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਤੇ ਅਨੁਸ਼ਾਸਨ ਨੂੰ ਮਜ਼ਬੂਤ ਕਰਦੀਆਂ ਹਨ। ਕਰਾਟੇ ਟੀਮ ਦੇ ਕੋਚ ਕਾਨਜੋ ਗੁਰਪ੍ਰੀਤ ਰੋਜ਼ੀ ਸੇਠੀ (ਏਸ਼ੀਅਨ ਗੋਲਡ ਮੈਡਲਿਸਟ ਤੇ ਇੰਟਰਨੈਸ਼ਨਲ ਕੋਚ) ਤੇ ਖਿਡਾਰੀਆਂ ਦੇ ਮਾਪੇ ਇਸ ਪ੍ਰਤੀਯੋਗਤਾ ਲਈ ਉਤਸ਼ਾਹਿਤ ਹਨ।
ਇਸ ਮੌਕੇ ਅਕਾਲ ਗਰੁੱਪ ਆਫ਼ ਇੰਸਟੀਚਿਊਟਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਜੱਜ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਤੇ ਖੇਡਾਂ ਪ੍ਰਤੀ ਸਮਰਪਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਾਈਸ ਪ੍ਰੈਸੀਡੈਂਟ ਕੁਲਵਿੰਦਰ ਸਿੰਘ ਜੱਜ, ਮੈਨੇਜਮੈਂਟ ਮੈਂਬਰ ਪ੍ਰਗਟ ਸਿੰਘ ਜੱਜ, ਸਕੂਲ ਦੇ ਕੋਆਰਡੀਨੇਟਰ, ਐਕਟੀਵਿਟੀ ਇੰਚਾਰਜ, ਹਾਊਸ ਇੰਚਾਰਜ ਤੇ ਸਟਾਫ ਮੈਂਬਰ ਵੀ ਮੌਜੂਦ ਰਹੇ।