ਦਸਤਾਰ ਸਜਾਓ ਮੁਕਾਬਲੇ ’ਚ ਅਕਾਲ ਅਕੈਡਮੀ ਦੇ ਬੱਚੇ ਅੱਵਲ
ਸੁੰਦਰ ਦਸਤਾਰ ਸਜਾਓ ਮੁਕਾਬਲੇ ’ਚੋਂ ਅਕਾਲ ਅਕੈਡਮੀ ਦੇ ਬੱਚਿਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ
Publish Date: Thu, 02 Apr 2026 07:12 PM (IST)
Updated Date: Thu, 02 Apr 2026 07:16 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੇਬੇ ਨਾਨਕੀ ਜੀ ਦੇ 562ਵੇਂ ਜਨਮ ਉਤਸਵ ਸਬੰਧੀ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਕਰਵਾਏ ਗਏ ਸੁੰਦਰ ਦਸਤਾਰ ਸਜਾਓ ਮੁਕਾਬਲਿਆਂ ਵਿਚ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਬੱਚਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ’ਚ ਹਰ ਸਾਲ ਵੱਖ-ਵੱਖ ਸਕੂਲਾਂ ਦੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਿੱਸਾ ਲੈਂਦੇ ਹਨ। ਇਹ ਮੁਕਾਬਲੇ ਸੀਨੀਅਰ ਤੇ ਜੂਨੀਅਰ ਦੋ ਗਰੁੱਪਾਂ ਵਿਚ ਕਰਵਾਏ ਗਏ। ਸੀਨੀਅਰ ਗਰੁੱਪ ਵਿਚੋਂ ਬਾਰ੍ਹਵੀਂ ਕਲਾਸ ਦੇ ਅਰਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਪ੍ਰਬੰਧਕਾਂ ਵੱਲੋਂ ਉਸਨੂੰ 3,100 ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰਾਂ ਹਰਮਨਪ੍ਰੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ ਤੇ ਉਸਨੂੰ 2,100 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਬਲਜੀਤ ਸਿੰਘ ਤੇ ਗੁਰਨੂਰ ਸਿੰਘ ਨੂੰ 1,100 ਰੁਪਏ ਦੀ ਨਕਦ ਰਾਸ਼ੀ ਨਾਲ ਕੰਸੋਲੇਸ਼ਨ ਪ੍ਰਾਈਜ਼ ਦਿੱਤਾ ਗਿਆ। ਜੂਨੀਅਰ ਗਰੁੱਪ ਵਿਚ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਸੱਤਵੀਂ ਕਲਾਸ ਦੇ ਵਿਦਿਆਰਥੀ ਮਨਵੀਰ ਸਿੰਘ ਨੇ ਤੀਸਰਾ ਸਥਾਨ ਹਾਸਲ ਕਰਕੇ 2,100 ਰੁਪਏ ਦੀ ਨਕਦ ਰਾਸ਼ੀ ਸਨਮਾਨ ਵਜੋਂ ਪ੍ਰਾਪਤ ਕੀਤੀ ਤੇ ਹਰਸਾਹਿਬ ਸਿੰਘ ਨੇ 1,100 ਰੁਪਏ ਦੀ ਨਕਦ ਰਾਸ਼ੀ ਨਾਲ ਕੰਸੋਲੇਸ਼ਨ ਪ੍ਰਾਈਜ਼ ਹਾਸਿਲ ਕੀਤਾ। ਇਹ ਮੁਕਾਬਲੇ ਇਸ ਲਈ ਕਰਵਾਏ ਜਾਂਦੇ ਹਨ ਤਾਂ ਕਿ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਕਿ ਕਿਸ ਤਰਾਂ ਸਾਡੇ ਗੁਰੂਆਂ ਦੇ ਸ਼ਹਾਦਤਾਂ ਦੇਣ ਤੋਂ ਬਾਅਦ ਸਾਨੂੰ ਇਹ ਦਸਤਾਰ ਮਿਲੀ ਹੈ। ਜੇਤੂ ਰਹੇ ਬੱਚਿਆਂ ਨੂੰ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਹਮੇਸ਼ਾਂ ਸਿੱਖੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਬੱਚਿਆਂ ਨੂੰ ਵੱਧ-ਚੜ੍ਹ ਕਿ ਇਹੋ-ਜਿਹੇ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ ਤੇ ਸਾਰੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਰਹਿਨੁਮਾਈ ਹੇਠ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਤੇ ਬੱਚੇ ਸਿੱਖੀ ਨਾਲ ਜੁੜ ਰਹੇ ਹਨ। ਇਸ ਮੌਕੇ ਬੱਚਿਆਂ ਨਾਲ ਉਨ੍ਹਾਂ ਦੇ ਅਧਿਆਪਕ ਕਾਸ਼ਮ ਖ਼ਾਨ ਤੇ ਲਵਪ੍ਰੀਤ ਸਿੰਘ ਮੌਜੂਦ ਸਨ।