ਪਿੰਡ ਰਾਏਪੁਰ ਅਰਾਈਆਂ ’ਚ ਨਸ਼ੇ ਦੀ ਓਵਰਡੋਜ ਨਾਲ ਦੋ ਦੀ ਮੌਤ
ਸੁਲਤਾਨਪੁਰ ਲੋਧੀ ਵਿਚ ਪੰਜ ਪੁੱਤਰ ਮਰਨ ਤੋਂ ਬਾਅਦ 2 ਨੌਜਵਾਨ ਮਰੇ ਭੁਲੱਥ ਵਿਚ
Publish Date: Thu, 09 Apr 2026 09:22 PM (IST)
Updated Date: Thu, 09 Apr 2026 09:23 PM (IST)

---ਐੱਸਐੱਸਪੀ ਗੌਰਵ ਤੂਰਾ ਦੇ ਦਾਅਵਿਆਂ ਦੀ ਨਿਕਲੀ ਫੂਕ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਥਾਣਾ ਢਿੱਲਵਾਂ ਦੇ ਪਿੰਡ ਰਾਏਪੁਰ ਅਰਾਈਆਂ ਵਿਚ ਨਸ਼ੇ ਨੇ ਦੋ ਘਰਾਂ ਵਿਚ ਸੱਥਰ ਵਿਛਾ ਦਿੱਤੇ ਹਨ, ਜਿਥੇ ਇਕੋ ਦਿਨ ਚਿੱਟੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ ਪੁੱਤਰ ਫੌਜਾ ਸਿੰਘ ਨੇ ਦੱਸਿਆ ਕਿ ਬਲਬੀਰ ਸਿੰਘ ਬਿੱਲਾ (35) ਪੁੱਤਰ ਸਤਪਾਲ ਸਿੰਘ ਨਸ਼ੇ ਕਰਨ ਦਾ ਆਦੀ ਸੀ ਤੇ ਉਸ ਦੇ ਮਾਂ-ਪਿਉ ਤੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਹ ਹੁਣ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਅੱਜ ਸਵੇਰੇ 8:30 ਵਜੇ ਜਦੋਂ ਇਸ ਦਾ ਸਾਥੀ ਉਸ ਨੂੰ ਕੰਮ ’ਤੇ ਨਾਲ ਲੈ ਕੇ ਜਾਣ ਲਈ ਆਇਆ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਦੇ ਦੋਸਤ ਨੇ ਕੰਧ ਟੱਪ ਕੇ ਅੰਦਰ ਵੇਖਿਆ ਤਾਂ ਇਸ ਦੀ ਲਾਸ਼ ਰਸੋਈ ਵਿਚ ਪਈ ਸੀ ਤੇ ਨੇੜੇ ਹੀ ਸਰਿੰਜਾਂ ਤੇ ਕੁਝ ਪੁੜੀਆਂ ਪਈਆਂ ਹੋਈਆਂ ਸਨ। ਇਸੇ ਤਰ੍ਹਾਂ ਘਟਨਾ ਤੋਂ ਕੁਝ ਘੰਟੇ ਬਾਅਦ ਹੀ ਇਕ ਹੋਰ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਗਿਆ। ਜਾਣਕਾਰੀ ਦਿੰਦਿਆਂ ਪਿੰਡ ਦੇ ਮੋਹਤਬਰ ਸਟੀਫਨ ਕਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਕਿ ਸ਼ੈਲੀ ਪੁੱਤਰ ਹੰਸ ਰਾਜ ਪਿੰਡ ਦੇ ਟਿੱਬੀ ਪੀਰ ਵਾਲੇ ਪਾਸੇ ਟੀਕਾ ਲਾਕੇ ਬੇਹੋਸ਼ ਪਿਆ ਹੈ, ਇਸਦੇ ਘਰਦਿਆਂ ਨੂੰ ਸੂਚਿਤ ਕਰੋ। ਇਸ ਦੌਰਾਨ ਉਕਤ ਨੌਜਵਾਨ ਨੂੰ ਚੁੱਕ ਕੇ ਸੁਭਾਨਪੁਰ ਹਸਪਤਾਲ ਲਿਜਾਇਆ ਗਿਆ, ਜਿਥੇ ਡਿਊਟੀ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਤੋਂ ਬਾਅਦ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਲਾਕੇ ਵਿਚ ਚਿੱਟੇ ਦੀ ਵਿਕਰੀ ਬੇਰੋਕ-ਟੋਕ ਚੱਲ ਰਹੀ ਹੈ, ਜਿਸ ਕਾਰਨ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ। ਪਿੰਡ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਇਲਾਕੇ ਵਿਚ ਚੱਲ ਰਹੇ ਨਸ਼ੇ ਦੇ ਗੋਰਖਧੰਦੇ ਨੂੰ ਤੁਰੰਤ ਬੰਦ ਕੀਤਾ ਜਾਵੇ । ਇਸ ਦੌਰਾਨ ਥਾਣਾ ਢਿੱਲਵਾਂ ਮੁਖੀ ਦਲਵਿੰਦਰਬੀਰ ਸਿੰਘ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਚਿੱਟਾ ਵੇਚਣ ਵਾਲੇ ਪਿੰਡ ਦੇ ਹੀ ਇਕ ਨੌਜਵਾਨ ਘੁਦੂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। --ਇਕ ਵਿਅਕਤੀ ਕੀਤਾ ਕਾਬੂ : ਡੀਐੱਸਪੀ ਭੁਲੱਥ ਥਾਣਾ ਢਿਲਵਾਂ ਦੇ ਪਿੰਡ ਰਾਏਪੁਰ ਅਰਾਈਆਂ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਦੋ ਨੌਜਵਾਨਾਂ ਦੀਆਂ ਮੌਤ ਤੇ ਮਾਮਲੇ ਵਿਚ ਡੀਐੱਸਪੀ ਭੁਲੱਥ ਕਰਨੈਲ ਸਿੰਘ ਪੁਲਿਸ ਪਾਰਟੀ ਸਣੇ ਮੌਕੇ ’ਤੇ ਪੁੱਜੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਆਖਿਆ ਕਿ ਮ੍ਰਿਤਕ ਨੌਜਵਾਨ ਸ਼ੈਲੀ ਦੇ ਪਿਤਾ ਹੰਸਰਾਜ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਸਦਾ ਲੜਕਾ ਮੁੰਬਈ ਵਿਖੇ ਕੰਮ ਕਰਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਇਥੇ ਘਰ ਪਰਤਿਆ ਸੀ ਤੇ ਅੱਜ ਸਾਢੇ ਕੁ 11 ਵਜੇ ਉਸ ਦੇ ਕੁਝ ਦੋਸਤ ਉਸ ਨੂੰ ਕਿਧਰੇ ਲੈ ਗਏ ਤੇ ਉਸ ਤੋਂ ਕਾਫੀ ਸਮੇਂ ਬਾਅਦ ਉਹ ਸਾਨੂੰ ਨਸ਼ੇ ਦੀ ਹਾਲਤ ਵਿਚ ਮਿਲਿਆ। ਇਸ ਦੌਰਾਨ ਉਸ ਨੂੰ ਸੁਭਾਨਪੁਰ ਹਸਪਤਾਲ ਲਿਜਾਇਆ ਗਿਆ, ਜਿਥੇ ਡਿਊਟੀ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੇ ਪਿਤਾ ਨੇ ਦੱਸਿਆ ਹੈ ਕਿ ਉਸਦੇ ਦੋਸਤਾਂ ਨੇ ਹੀ ਉਸਨੂੰ ਨਸ਼ੇ ਦਾ ਸੇਵਨ ਕਰਾਇਆ ਹੈ। ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਿੰਡ ਦੇ ਹੀ ਇਕ ਵਿਅਕਤੀ ਸਾਵਨ ਉਰਫ ਘੁਦੂ ਪੁੱਤਰ ਸੈਮਸਨ ਵਾਸੀ ਰਾਏਪੁਰ ਅਰਾਈਆਂ ਨੂੰ ਗਿਰਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਇਸ ਮਾਮਲੇ ਵਿਚ ਹੋਰ ਨੌਜਵਾਨਾਂ ਨੂੰ ਵੀ ਜਲਦ ਹੀ ਕਾਬੂ ਕਰਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ। ਇਸ ਤੋਂ ਇਲਾਵਾ ਜੋ ਸਵੇਰੇ ਦੂਸਰੇ ਨੌਜਵਾਨ ਬਲਵੀਰ ਸਿੰਘ ਉਰਫ ਬਿੱਲਾ ਪੁੱਤਰ ਸਤਪਾਲ ਸਿੰਘ ਦੀ ਜੋ ਮੌਤ ਹੋਈ ਹੈ ਉਸ ਦੇ ਪਰਿਵਾਰ ਵਾਲਿਆਂ ਨੇ ਕੋਈ ਵੀ ਕਾਰਵਾਈ ਕਰਾਉਣ ਤੋਂ ਮਨਾਂ ਕਰ ਦਿੱਤਾ ਹੈ ਤੇ ਉਸਦਾ ਸੰਸਕਾਰ ਕਰ ਦਿੱਤਾ ਗਿਆ ਜਦਕਿ ਸ਼ੈਲੀ ਦੀ ਮ੍ਰਿਤਕ ਦੇਹ ਨੂੰ ਕਪੂਰਥਲਾ ਦੀ ਮੋਰਚਰੀ ਵਿਚ ਰਖਵਾਇਆ ਜਾ ਰਿਹਾ ਹੈ ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।