ਲਾਇਲਪੁਰ ਖ਼ਾਲਸਾ ਕਾਲਜ ’ਚ ਦਾਖ਼ਲਾ ਹੈਲਪ ਡੈਸਕ ਸਥਾਪਿਤ
ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਦਾਖ਼ਲਾ ਹੈਲਪ ਡੈਸਕ ਅਤੇ ਕੈਰੀਅਰ ਕੌਂਸਲਿੰਗ ਸੈੱਲ ਸਥਾਪਿਤ
Publish Date: Tue, 05 May 2026 07:49 PM (IST)
Updated Date: Tue, 05 May 2026 07:50 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਤੇ ਚੰਡੀਗੜ੍ਹ ਵਿਚ ਚੱਲ ਰਹੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਤ ਵੱਖ-ਵੱਖ ਕਾਲਜਾਂ ਵਿਚ ਦਾਖ਼ਲੇ ਲਈ ਪੰਜਾਬ ਸਰਕਾਰ ਵੱਲੋਂ ਆਨਲਾਈਨ ਪੋਰਟਲ ਚੱਲ ਰਿਹਾ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਇਨ੍ਹਾਂ ਯੂਨੀਵਰਸਿਟੀਆਂ ਦੇ ਐਫੀਲੀਏਟਿਡ ਕਾਲਜਾਂ ਵਿਚ ਦਾਖ਼ਲਾ ਲੈਣਾ ਹੈ, ਉਨ੍ਹਾਂ ਲਈ ਇਸ ਪੋਰਟਲ ਉੱਤੇ ਅਪਲਾਈ ਕਰਨਾ ਜ਼ਰੂਰੀ ਹੈ। ਇਸ ਸਬੰਧੀ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਚ ਦਾਖ਼ਲਾ ਹੈਲਪ ਡੈਸਕ ਤੇ ਕੈਰੀਅਰ ਕੌਂਸਲਿੰਗ ਸੈੱਲ ਸਥਾਪਿਤ ਕੀਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਇਨ੍ਹਾਂ ਕਾਲਜਾਂ ਵਿਚ ਦਾਖ਼ਲਾ ਲੈਣਾ ਹੋਵੇ ਜਾਂ ਦਾਖ਼ਲੇ ਸਬੰਧੀ ਕੋਈ ਸਮੱਸਿਆ ਹੋਵੇ, ਉਹ ਇਸ ਸੈੱਲ ਨਾਲ ਸੰਪਰਕ ਕਰ ਸਕਦੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਕਪੂਰਥਲਾ ਤੇ ਇਸ ਦੇ ਨਜ਼ਦੀਕ ਰਹਿ ਰਹੇ ਵਿਦਿਆਰਥੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ, ਇਹ ਹੈਲਪ ਡੈਸਕ ਤੇ ਕੈਰੀਅਰ ਕੌਂਸਲਿੰਗ ਸੈੱਲ ਸਥਾਪਿਤ ਕੀਤਾ ਗਿਆ ਹੈ। ਇਸ ਲਈ ਵਿਦਿਆਰਥੀਆਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਚ ਵਿਦਿਆਰਥੀ ਫ਼ਰੀ ਆਨਲਾਈਨ ਅਪਲਾਈ ਕਰ ਸਕਦੇ ਹਨ। ਭਾਵੇਂ ਵਿਦਿਆਰਥੀਆਂ ਨੇ ਇਨ੍ਹਾਂ ਯੂਨੀਵਰਸਿਟੀਆਂ ਨਾਲ ਸਬੰਧਤ ਕਿਸੇ ਹੋਰ ਕਾਲਜ ਵਿਚ ਦਾਖ਼ਲਾ ਲੈਣਾ ਹੋਵੇ, ਉਹ ਵੀ ਫ਼ਰੀ ਅਪਲਾਈ ਕਰ ਸਕਦੇ ਹਨ। ਇਸ ਹੈਲਪ ਡੈਸਕ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ, ਰੁਚੀ ਤੇ ਮਾਰਕੀਟ ਦੀਆਂ ਲੋੜਾਂ ਅਨੁਸਾਰ ਸਹੀ ਕਰੀਅਰ ਚੋਣ ਕਰਨ ਵਿਚ ਮਦਦ ਕਰਨਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਇੰਟਰਵਿਊ ਤਿਆਰੀ, ਰਿਜ਼ਿਊਮ ਲਿਖਣ ਅਤੇ ਪਰਸਨੈਲਿਟੀ ਡਿਵੈਲਪਮੈਂਟ ਲਈ ਵੀ ਮਾਰਗਦਰਸ਼ਨ ਦਿੱਤਾ ਜਾਵੇਗਾ। ਪ੍ਰਿੰਸੀਪਲ ਡਾ. ਢਿੱਲੋਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਵਿਦਿਆਰਥੀਆਂ ਨੂੰ ਸਫਲਤਾ ਦੀਆਂ ਉੱਚਾਈਆਂ ਤੱਕ ਪਹੁੰਚਾਉਣ ਵਿਚ ਸਹਾਇਕ ਹੁੰਦੇ ਹਨ ਤੇ ਭਵਿੱਖ ਵਿਚ ਵੀ ਇਸ ਕਿਸਮ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ।