ਮਾਈਨਿੰਗ ਮਾਮਲੇ ’ਚ ਪ੍ਰਸ਼ਾਸਨ ਹਰਕਤ ’ਚ, ਬੀਡੀਪੀਓ ਤੇ ਮਾਈਨਿੰਗ ਵਿਭਾਗ ਨੇ ਕੀਤੀ ਜਾਂਚ
ਛੁੱਟੀ ਵਾਲੇ ਦਿਨ ਵੀ ਪ੍ਰਸ਼ਾਸਨ ਹਰਕਤ ’ਚ, ਬੀਡੀਪੀਓ ਤੇ ਮਾਈਨਿੰਗ ਵਿਭਾਗ ਨੇ ਕੀਤਾ ਮੌਕੇ ਦਾ ਦੌਰਾ
Publish Date: Sun, 15 Mar 2026 08:05 PM (IST)
Updated Date: Sun, 15 Mar 2026 08:07 PM (IST)

ਜਾਂਚ ਦੌਰਾਨ ਰੇਤਾ ਤੇ ਮਿੱਟੀ ਦੋਹਾਂ ਦੀ ਮਾਈਨਿੰਗ ਦੇ ਨਿਸ਼ਾਨ ਮਿਲੇ ਪੂਰੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਮੰਡ ਇਲਾਕੇ ਦੇ ਪਿੰਡ ਸਰਦੁੱਲਾਪੁਰ ਨਾਲ ਸਬੰਧਤ ਪੰਚਾਇਤੀ ਸ਼ਾਮਲਾਟ ਜ਼ਮੀਨ ਤੋਂ ਮਿੱਟੀ ਕੱਢਣ ਦੇ ਮਾਮਲੇ ਨੂੰ ਲੈ ਕੇ ਛਪੀ ਖ਼ਬਰ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਹਰਕਤ ਵਿਚ ਆ ਗਏ ਹਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬਲਾਕ ਪੰਚਾਇਤ ਵਿਭਾਗ ਤੇ ਮਾਈਨਿੰਗ ਵਿਭਾਗ ਦੀ ਸਾਂਝੀ ਟੀਮ ਵੱਲੋਂ ਮੌਕੇ ’ਤੇ ਪਹੁੰਚ ਕੇ ਇਲਾਕੇ ਦਾ ਦੌਰਾ ਕੀਤਾ ਗਿਆ ਤੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਦੌਰਾਨ ਮੌਕੇ ’ਤੇ ਵੱਡੇ ਪੱਧਰ ’ਤੇ ਖੁਦਾਈ ਦੇ ਨਿਸ਼ਾਨ ਨਜ਼ਰ ਆਏ ਹਨ। ਟੀਮ ਨੇ ਇਲਾਕੇ ਵਿਚ ਪਏ ਟੋਇਆਂ ਤੇ ਖੁਦਾਈ ਵਾਲੀ ਜਗ੍ਹਾ ਦਾ ਮੁਆਇਨਾ ਕਰਦੇ ਹੋਏ ਸਥਿਤੀ ਦਾ ਅੰਦਾਜ਼ਾ ਲਾਇਆ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਥੇ ਮਿੱਟੀ ਦੇ ਨਾਲ-ਨਾਲ ਰੇਤਾ ਕੱਢਣ ਦੇ ਨਿਸ਼ਾਨ ਵੀ ਮੌਜੂਦ ਹਨ। ਇਸ ਦੇ ਨਾਲ ਹੀ ਜਾਂਚ ਦੌਰਾਨ ਇਹ ਗੱਲ ਵੀ ਨਜ਼ਰ ਆਈ ਕਿ ਮੌਕੇ ’ਤੇ ਕੁਝ ਥਾਵਾਂ ਤੋਂ ਰੁੱਖਾਂ ਦੇ ਮੁੱਢ ਵੀ ਦਿਸ ਰਹੇ ਹਨ, ਜਿਨ੍ਹਾਂ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਉੱਥੇ ਪਹਿਲਾਂ ਰੁੱਖ ਮੌਜੂਦ ਸਨ ਤੇ ਸੰਭਵ ਹੈ ਕਿ ਉਨ੍ਹਾਂ ਦੀ ਕਟਾਈ ਵੀ ਕੀਤੀ ਗਈ ਹੋਵੇ। ਇਸ ਮਾਮਲੇ ਨੂੰ ਵੀ ਜਾਂਚ ਦੇ ਘੇਰੇ ਵਿਚ ਸ਼ਾਮਲ ਕੀਤਾ ਗਿਆ ਹੈ। ਮਾਈਨਿੰਗ ਵਿਭਾਗ ਤੇ ਜੇਈ ਸੰਦੀਪ ਸਿੰਘ, ਬੀਡੀਪੀਓ ਦਫ਼ਤਰ ਪੰਚਾਇਤ ਅਫਸਰ ਭੁਪਿੰਦਰ ਸਿੰਘ, ਸੈਕਟਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਦੀ ਜਾਂਚ ਦੌਰਾਨ ਜਿਹੜੇ ਤੱਥ ਸਾਹਮਣੇ ਆਏ ਹਨ, ਉਨ੍ਹਾਂ ਦੇ ਆਧਾਰ ’ਤੇ ਪੂਰੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਹ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ, ਜਿਸ ਤੋਂ ਬਾਅਦ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਕਾਰਨ ਇਹ ਮਾਮਲਾ ਚਰਚਾ ਵਿਚ ਆਇਆ ਸੀ, ਜਿਸ ਵਿਚ ਮੰਡ ਇਲਾਕੇ ਦੀ ਪੰਚਾਇਤੀ ਜ਼ਮੀਨ ਤੋਂ ਵੱਡੇ ਪੱਧਰ ’ਤੇ ਮਿੱਟੀ ਕੱਢਣ ਦੇ ਦੋਸ਼ ਲਗਾਏ ਜਾ ਰਹੇ ਸਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਚਿੰਤਾ ਜਤਾਈ ਗਈ ਸੀ ਕਿ ਜ਼ਮੀਨ ਵਿਚ ਪਏ ਵੱਡੇ-ਵੱਡੇ ਟੋਏ ਭਵਿੱਖ ਵਿਚ ਖ਼ਤਰੇ ਦਾ ਕਾਰਨ ਬਣ ਸਕਦੇ ਹਨ। ਹੁਣ ਪ੍ਰਸ਼ਾਸਨ ਵੱਲੋਂ ਮੌਕੇ ਦਾ ਦੌਰਾ ਕਰਨ ਤੇ ਜਾਂਚ ਸ਼ੁਰੂ ਕਰਨ ਨਾਲ ਮਾਮਲੇ ਨੇ ਹੋਰ ਗੰਭੀਰ ਰੂਪ ਧਾਰ ਲਿਆ ਹੈ ਤੇ ਲੋਕਾਂ ਦੀ ਨਿਗਾਹ ਅਗਲੀ ਕਾਰਵਾਈ ’ਤੇ ਟਿਕੀ ਹੋਈ ਹੈ।