ਨਾਨਕਸ਼ਾਹੀ ਕੈਲੰਡਰ ਮੁਤਾਬਿਕ ਨਵੇਂ ਸਾਲ ਦੀ ਸ਼ੁਰਆਤ 14 ਤੋਂ
ਨਾਨਕਸ਼ਾਹੀ ਕੈਲੰਡਰ ਮੁਤਾਬਿਕ ਨਵੇ ਸਾਲ ਦੀ ਸ਼ੁਰਆਤ 14 ਮਾਰਚ ਤੋਂ,ਸੰਤ ਮਹਾਪੁਰਖ
Publish Date: Thu, 12 Mar 2026 08:41 PM (IST)
Updated Date: Thu, 12 Mar 2026 08:45 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵੇਂ ਸਾਲ ਸੰਮਤ 558 ਦੇ ਆਗਮਨ ਦੀ ਖੁਸ਼ੀ ਤੇ ਚੇਤ ਮਹੀਨੇ ਦੀ ਸੰਗਰਾਂਦ ਦੇ ਪਾਵਨ ਮੌਕੇ ’ਤੇ 14 ਮਾਰਚ, ਦਿਨ ਸ਼ਨੀਵਾਰ ਨੂੰ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ, ਪਿੰਡ ਪੰਡਵਾ ਵਿਖੇ ਇਹ ਪਵਿੱਤਰ ਦਿਹਾੜਾ ਬੜੀ ਸ਼ਰਧਾ, ਭਗਤੀ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਾਵਨ ਅਵਸਰ ’ਤੇ ਸੰਤਾਂ-ਮਹਾਂਪੁਰਸ਼ਾਂ ਦੀ ਹਾਜ਼ਰੀ ਵਿਚ ਗੁਰਬਾਣੀ ਕੀਰਤਨ, ਕਥਾ-ਵਿਚਾਰ ਹੋਣਗੀਆਂ। ਦੂਰ-ਦੂਰ ਤੋਂ ਆਉਣ ਵਾਲੀਆਂ ਸੰਗਤਾਂ ਇਸ ਧਾਰਮਿਕ ਸਮਾਗਮ ਵਿਚ ਸ਼ਾਮਲ ਹੋ ਕੇ ਗੁਰਬਾਣੀ ਦਾ ਆਨੰਦ ਮਾਣਣਗੀਆਂ ਤੇ ਨਵੇਂ ਨਾਨਕਸ਼ਾਹੀ ਸਾਲ ਦੀਆਂ ਖੁਸ਼ੀਆਂ ਸਾਂਝੀਆਂ ਕਰਨਗੀਆਂ। ਜਾਣਕਾਰੀ ਦਿੰਦਿਆਂ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਦਸਿਆ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦਾ ਮਹੱਤਵਪੂਰਨ ਧਾਰਮਿਕ ਕੈਲੰਡਰ ਹੈ, ਜਿਸਦਾ ਨਾਮ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਨਾਮ ’ਤੇ ਰੱਖਿਆ ਗਿਆ ਹੈ। ਇਸ ਕੈਲੰਡਰ ਦਾ ਉਦੇਸ਼ ਸਿੱਖ ਇਤਿਹਾਸਕ ਦਿਹਾੜਿਆਂ ਤੇ ਗੁਰਪੁਰਬਾਂ ਨੂੰ ਇਕ ਨਿਸ਼ਚਿਤ ਤਰੀਖ ਅਨੁਸਾਰ ਮਨਾਉਣਾ ਹੈ ਤਾਂ ਜੋ ਸਾਰੀ ਦੁਨੀਆ ਵਿਚ ਵੱਸਦੀ ਸਿੱਖ ਸੰਗਤ ਇਕੋ ਦਿਨ ਇਹ ਪਾਵਨ ਦਿਹਾੜੇ ਮਨਾਏ। ਨਾਨਕਸ਼ਾਹੀ ਕੈਲੰਡਰ ਨੂੰ ਸਾਲ 2003 ਵਿਚ ਸਿੱਖਾਂ ਦੀ ਪ੍ਰਮੁੱਖ ਧਾਰਮਿਕ ਸੰਸਥਾ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਗੂ ਕੀਤਾ ਗਿਆ। ਇਹ ਕੈਲੰਡਰ ਸੂਰਜੀ ਪ੍ਰਣਾਲੀ ’ਤੇ ਆਧਾਰਿਤ ਹੈ, ਜਿਸ ਕਰਕੇ ਇਸ ਵਿਚ ਮਹੀਨਿਆਂ ਤੇ ਤਰੀਖਾਂ ਵਿਚ ਵੱਡਾ ਫਰਕ ਨਹੀਂ ਆਉਂਦਾ। ਇਸਦੇ ਉਲਟ ਪੁਰਾਣੇ ਬਿਕ੍ਰਮੀ ਕੈਲੰਡਰ ਵਿਚ ਗੁਰਪੁਰਬਾਂ ਦੀਆਂ ਤਰੀਖਾਂ ਹਰ ਸਾਲ ਬਦਲ ਜਾਂਦੀਆਂ ਸਨ। ਸਿੱਖ ਧਰਮ ਵਿਚ ਨਾਨਕਸ਼ਾਹੀ ਕੈਲੰਡਰ ਦੀ ਅਹਿਮੀਅਤ ਇਸ ਕਰਕੇ ਵੀ ਵਧ ਜਾਂਦੀ ਹੈ ਕਿਉਂਕਿ ਇਹ ਸਿੱਖ ਕੌਮ ਨੂੰ ਆਪਣੇ ਇਤਿਹਾਸ ਤੇ ਧਾਰਮਿਕ ਪਰੰਪਰਾਵਾਂ ਨਾਲ ਜੋੜ ਕੇ ਰੱਖਦਾ ਹੈ। ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਪਹਿਚਾਣ ਤੇ ਧਾਰਮਿਕ ਏਕਤਾ ਦਾ ਮਹੱਤਵਪੂਰਨ ਪ੍ਰਤੀਕ ਬਣ ਚੁੱਕਾ ਹੈ। ਨਵੇਂ ਨਾਨਕਸ਼ਾਹੀ ਸਾਲ ਦੇ ਆਗਮਨ ’ਤੇ ਸੰਗਤ ਗੁਰੂ ਘਰਾਂ ਵਿਚ ਇਕੱਠੀ ਹੋ ਕੇ ਅਰਦਾਸ ਕਰਦੀ ਹੈ ਤੇ ਮਨੁੱਖਤਾ ਦੀ ਭਲਾਈ ਲਈ ਪ੍ਰਾਰਥਨਾ ਕਰਦੀ ਹੈ।