ਅਧਵਾਟੇ ਦਮ ਤੋੜ ਗਈ ‘ਆਪ’ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ : ਭੰਡਾਲ
ਅਧਵਾਟੇ ਦਮ ਤੋੜ ਗਈ ਆਪ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ- ਭੰਡਾਲ
Publish Date: Sun, 19 Apr 2026 09:37 PM (IST)
Updated Date: Sun, 19 Apr 2026 09:39 PM (IST)
• - ਨਸ਼ਾਖੋਰੀ ਖ਼ਿਲਾਫ਼ ਡੀਸੀ ਖੁਦ ਕਮਾਂਡ ਆਪਣੇ ਹੱਥ ’ਚ ਲੈਣ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਜਿਸ ਰਫਤਾਰ ਨਾਲ ਪੰਜਾਬ ਅੰਦਰ ਨਸ਼ਿਆਂ ਦੀ ਲਤ ਨਾਲ ਮਾਵਾਂ ਦੇ ਪੁੱਤ ਮਰ ਰਹੇ ਹਨ, ਇੰਝ ਲੱਗ ਰਿਹਾ ਹੈ ਕਿ ਜਿਵੇਂ ਪੰਜਾਬ ਦਾ ਕੋਈ ਮਾਈਬਾਪ ਹੀ ਨਾ ਹੋਵੇ। ਪਹਿਲਾਂ ਸੁਲਤਾਨਪੁਰ ਲੋਧੀ ਦੀ ਘਟਨਾ ਜਿੱਥੇ ਇੱਕੋ ਮਾਂ ਦੇ 5 ਦੇ ਪੰਜ ਪੁੱਤ ਨਸ਼ਿਆਂ ਦੀ ਭੇਟ ਚੜ੍ਹ ਗਏ। ਇਨ੍ਹਾਂ ਮੌਤਾਂ ਦੀਆਂ ਖ਼ਬਰਾਂ ਦੀ ਅਜੇ ਸਿਆਈ ਨਹੀਂ ਸੀ ਸੁੱਕੀ ਕਿ ਭੁਲੱਥ ਦੇ ਪਿੰਡ ਰਾਏਪੁਰ ਰਾਈਆਂ ਦੇ ਪਹਿਲਾਂ 2 ਨੌਜਵਾਨਾਂ ਦੀ ਚਿੱਟੇ ਨਾਲ ਮੌਤ ਹੋਈ। ਬੀਤੇ ਦਿਨ ਤੀਜਾ ਵੀ ਨਸ਼ਿਆਂ ਦੀ ਭੇਟ ਚੜ੍ਹ ਗਿਆ। ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ ਆਪ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧਵਾਟੇ ਦਮ ਤੌੜ ਗਈ ਹੈ। ਇਹ ਕਹਿਣਾ ਹੈ ਗੁਰਦੀਪ ਸਿੰਘ ਭੰਡਾਲ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ, ਜਦੋਂ ਉਹ ਸਥਾਨਕ ਚੋਣਵੇਂ ਪੱਤਰਕਾਰਾਂ ਨਾਲ ਨਸ਼ਿਆਂ ਕਾਰਨ ਹੋ ਰਹੀਆਂ ਲਗਾਤਾਰ ਮੌਤਾਂ ’ਤੇ ਚਿੰਤਾ ਵਿਅਕਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਪੂਰਥਲਾ ਦਾ ਐੱਸਐੱਸਪੀ ਗੌਰਵ ਤੂਰਾ ਕੁਝ ਕਾਰਵਾਈ ਕਰਨ ਦੀ ਬਜਾਏ ਸਰਕਾਰ ਦੇ ਬਚਾਅ ਪੱਖ ਵਿੱਚ ਸਫਾਈਆਂ ਦੇ ਰਿਹਾ ਹੈ। ਉਨ੍ਹਾਂ ਡੀਸੀ ਕਪੂਰਥਲਾ ਨੂੰ ਅਪੀਲ ਕਰਦਿਆਂ ਕਿਹਾ ਕਿ ਕਪੂਰਥਲਾ ਅੰਦਰ ਨਸ਼ਾਖੋਰੀ ਨੂੰ ਕੰਟਰੋਲ ਕਰਨਾ ਐੱਸਐੱਸਪੀ ਦੇ ਵੱਸ ਦੀ ਗੱਲ ਨਹੀਂ ਹੈ, ਜ਼ਿਲ੍ਹੇ ਦੀ ਕਮਾਂਡ ਆਪ ਸੰਭਾਲੀ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਨੇ ਜੇਕਰ ਸਾਡੀ ਚਿਤਾਵਨੀ ਨੂੰ ਜੇਕਰ ਹਲਕੇ ਵਿੱਚ ਲਿਆ ਤਾਂ ਉਹ ਭੁੱਲ ਹੋਵੇਗੀ। ਆਉਣ ਵਾਲੇ ਦਿਨਾਂ ਵਿੱਚ ਨਸ਼ਾਖੋਰੀ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।