ਆਪ ਦੇ ਵਿਧਾਇਕ ਵੀ ਕਰਵਾਉਣ ਮੁਹੱਲਾ ਕਲੀਨਿਕਾਂ ’ਚ ਇਲਾਜ : ਘੁੰਮਣ, ਜੀਤੀ
ਆਪ ਦੇ ਵਿਧਾਇਕ ਵੀ ਕਰਵਾਉਣ ਮੁੱਹਲਾ ਕਲੀਨਿਕਾ ਚ ਇਲਾਜ,ਘੱੁਮਣ,ਜੀਤੀ
Publish Date: Fri, 20 Mar 2026 07:06 PM (IST)
Updated Date: Fri, 20 Mar 2026 07:10 PM (IST)

ਪੰਜਾਬੀ ਜਾਗਰਣ ਪ੍ਰਤੀਨਧ ਫਗਵਾੜਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਅੰਦਰ ਬਣਾਏ 883 ਮੁਹੱਲਾ ਕਲੀਨਿਕਾਂ ’ਤੇ ਤੰਜ਼ ਕੱਸਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਜਸਵਿੰਦਰ ਸਿੰਘ ਘੁੰਮਣ, ਸੀਨੀਅਰ ਆਗੂ ਤੇ ਪੰਚ ਪਿੰਡ ਖੇੜਾ ਰਣਜੀਤ ਸਿੰਘ ਜੀਤੀ ਖੇੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੱਤਰਕਾਰ ਵਾਰਤਾ ਕਰਕੇ ਦੱਸਿਆ ਜਾ ਰਿਹਾ ਹੈ ਕਿ ਪੂਰੇ ਪੰਜਾਬ ਅੰਦਰ 883 ਮੁਹੱਲਾ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ ਪਰ ਇਨ੍ਹਾਂ ਮੁਹੱਲਾ ਕਲੀਨਿਕਾਂ ਵਿਚ ਸਿਰਫ ਆਮ ਲੋਕਾਂ ਦਾ ਹੀ ਇਲਾਜ ਕੀਤਾ ਜਾਂਦਾ ਹੈ ਜਦਕਿ ਮੁੱਖ ਮੰਤਰੀ ਸਾਹਿਬ ਤਾਂ ਬਿਮਾਰ ਹੋਣ ਤੋਂ ਬਾਅਦ ਸਿੱਧਾ ਫੋਰਟਿਸ ਪਹੁੰਚ ਜਾਂਦੇ ਹਨ। ਜੇ ਮੁਹੱਲਾ ਕਲੀਨਿਕ ਇੰਨੇ ਲਾਭਦਾਇਕ ਹਨ ਤੇ ਫਿਰ ਆਪ ਦੇ ਐੱਮਐੱਲਏ, ਐੱਮਪੀ ਇਨ੍ਹਾਂ ਮੁਹੱਲਾ ਕਲੀਨਕਾਂ ਤੋਂ ਦਵਾਈ ਕਿਉਂ ਨਹੀਂ ਲੈਂਦੇ। ਇਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਹਨ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਆਮ ਲੋਕਾਂ ਵੱਲੋਂ ਚੁਣੀ ਹੋਈ ਪਾਰਟੀ ਹੈ ਪਰ ਇਸਦੇ ਬਾਵਜੂਦ ਇਹ ਭੇਦਭਾਵ ਕਿਉਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁਹੱਲਾ ਕਲੀਨਿਕਾਂ ਵਿਚ ਦਵਾਈਆਂ ਤੇ ਟੈਸਟ ਮੁਫਤ ਵਿਚ ਮਿਲਦੇ ਹਨ ਤਾਂ ਫਿਰ ਫੋਰਟਿਸ ਹਸਪਤਾਲ ਵਿਖੇ ਜਾ ਕੇ ਸੂਬੇ ਦੇ ਖਜ਼ਾਨੇ ’ਤੇ ਬੋਝ ਕਿਉਂ ਪਾਇਆ ਜਾਂਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਵੱਲੋਂ ਬਣਾਏ ਹੋਏ ਮੁਹੱਲਾ ਕਲੀਨਿਕਾਂ ਵਿਚ ਆਪ ਦੇ ਜਿੱਤੇ ਹੋਏ ਵਿਧਾਇਕ, ਆਗੂ, ਵਰਕਰ ਵੀ ਆਮ ਲੋਕਾਂ ਵਾਂਗ ਹੀ ਦਵਾਈ ਲੈਣ ਤੇ ਟੈਸਟ ਕਰਾਉਣ ਤਾਂ ਜੋ ਲੋਕਾਂ ਦਾ ਭਰੋਸਾ ਬਣ ਸਕੇ ਨਹੀਂ ਤਾਂ ਆਪ ਦੀ ਸਰਕਾਰ ’ਤੇ ਉਹ ਕਹਾਵਤ ਫਿੱਟ ਬੈਠਦੀ ਹੈ ਕਿ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਸੜਕਾਂ ਦਾ ਬੁਰਾ ਹਾਲ ਹੈ, ਕੋਈ ਵਿਕਾਸ ਕਾਰਜ ਨਹੀਂ ਕਰਵਾਇਆ ਜਾ ਸਕਿਆ। ਆਪ ਨੇ ਚਾਰ ਸਾਲਾਂ ਵਿਚ ਸਿਰਫ ਇਸ਼ਤਿਹਾਰੀ ਵਿਕਾਸ ਹੀ ਕੀਤਾ ਹੈ। ਇਸ ਤੋਂ ਇਲਾਵਾ ਸੂਬੇ ਦਾ ਕੋਈ ਵਿਕਾਸ ਨਹੀਂ ਹੋਇਆ, ਜਿਸ ਦਾ ਜਵਾਬ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਜ਼ਰੂਰ ਦੇਣਗੇ।