ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਭਾਰੀ ਵਾਧੇ ਵਿਰੁੱਧ ‘ਆਪ’ ਨੇ ਕੀਤਾ ਪ੍ਰਦਰਸ਼ਨ
ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਕੀਤੇ ਗਏ ਭਾਰੀ ਵਾਧੇ ਵਿਰੁੱਧ ‘ਆਪ’ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ
Publish Date: Sun, 03 May 2026 08:54 PM (IST)
Updated Date: Sun, 03 May 2026 08:56 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਮ ਆਦਮੀ ਪਾਰਟੀ (ਆਪ) ਜ਼ਿਲ੍ਹਾ ਕਪੂਰਥਲਾ ਦੇ ਸਾਰੇ ਹੀ ਵਿੰਗਾਂ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਵੱਲੋਂ ਕੇਂਦਰ ਸਰਕਾਰ ਦੁਆਰਾ ਵਪਾਰਕ 19 ਕਿਲੋ ਵਾਲੇ ਸਿਲੰਡਰ ਦਾ ਪਹਿਲਾਂ ਨਾਲੋਂ 993 ਰੁਪਏ ਰੇਟ ਵਧਾਉਣ ਤੇ 5 ਕਿਲੋ ਵਾਲੇ ਸਿਲੰਡਰ ਦਾ 261 ਰੁਪਏ ਹੋਰ ਰੇਟ ਵਧਾਉਣ ਕਰ ਕੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਕੀਤੇ ਗਏ ਭਾਰੀ ਵਾਧੇ ਵਿਰੁੱਧ ਰਾਜ ਪੱਧਰੀ ਵਿਰੋਧ ਪ੍ਰਦਰਸ਼ਨ ਦੌਰਾਨ ਸ਼ਹੀਦ ਭਗਤ ਸਿੰਘ ਚੌਂਕ ਕਪੂਰਥਲਾ ਵਿਖੇ ਭਰਵਾਂ ਇਕੱਠ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਸਿੰਘ ਚੰਦੀ ਤੇ ਟਰੇਡ ਵਿੰਗ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਚੇਅਰਮੈਨ ਕਪੂਰਥਲਾ ਦੀ ਅਗਵਾਈ ਹੇਠ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ, ਹੇਨੰਤ ਕੁਮਾਰ, ਲਕਸ਼ ਚੌਧਰੀ ਤੇ ਸਾਥੀ ਭੁਲੱਥ, ਸੁਸ਼ੀਲ ਕੁਮਾਰ ਬੌਬੀ ਚੰਮ ਤੇ ਸਾਥੀ ਫਗਵਾੜਾ, ਪੁਸ਼ਪਿੰਦਰ ਸਿੰਘ, ਡੀਐੱਸਪੀ ਗੁਰਨਾਮ ਸਿੰਘ, ਫਤਿਹਜੀਤ ਸਿੰਘ, ਰਮਨ ਮਲਹੋਤਰਾ, ਵਿਕਾਸ ਸਿੱਧੀ ਦੀ ਟੀਮ, ਜਗਦੇਵ ਥਾਪਰ, ਨਰਿੰਦਰ ਸਿੰਘ ਸੰਘਾ ਦੀ ਅਗਵਾਈ ਹੇਠ ਕਾਲਾ ਸੰਘਿਆ ਟੀਮ, ਵਿਕਾਸ ਮੋਮੀ ਦੀ ਯੂਥ ਟੀਮ, ਅਕਾਸ਼ ਵਾਲੀਆ, ਨਿਰਮਲ ਸਿੰਘ ਮੱਲ, ਗੌਰਵ ਕੰਡਾ, ਅਤੇ ਮਹਿਲਾ ਵਿੰਗ ਟੀਮ ਨੇ ਕੇਂਦਰ ਸਰਕਾਰ ਦੇ ਮੁੱਖੀ ਨਰਿੰਦਰ ਮੋਦੀ ਵੱਲੋਂ ਗੈਸ ਸਿਲੰਡਰਾਂ ਵਿੱਚ ਕੀਤੇ ਵਾਧੇ ਦੇ ਵਿਰੋਧ ਵਿਚ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਫੌਰੀ ਤੌਰ ’ਤੇ ਗੈਸ ਦੀਆਂ ਕੀਮਤਾਂ ਘਟਾਈਆਂ ਜਾਣ। ਵੱਖ-ਵੱਖ ਬੁਲਾਰਿਆਂ ਨੇ ਨਰਿੰਦਰ ਮੋਦੀ ਉੱਤੇ ਦੋਸ਼ ਲਾਇਆ ਕਿ ਅੰਬਾਨੀਆਂ ਤੇ ਅਡਾਨੀਆਂ ਵਰਗੇ ਅਰਬਾਂਪਤੀਆਂ ਨੂੰ ਹੋਰ ਮਾਲਾਮਾਲ ਕਰਨ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਆਮ ਲੋਕਾਂ ਨੂੰ ਮਹਿੰਗਾਈ ਦੀ ਭੱਠੀ ਵਿਚ ਸੁੱਟ ਕੇ ਉਨ੍ਹਾਂ ਨਾਲ ਬਹੁਤ ਹੀ ਵੱਡਾ ਧੱਕਾ ਕਰ ਰਿਹਾ ਹੈ, ਜਿਸ ਨੂੰ ਅਣਖੀ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।