ਹਲਕਾ ਇੰਚਾਰਜ ਚੰਦੀ ਵੱਲੋਂ ਵਾਰਡਾਂ ਦੀਆਂ ਗਲੀਆਂ ਬਣਾਉਣ ਦੇ ਕੰਮਾਂ ਦੀ ਸ਼ੁਰੂਆਤ
ਆਪ ਹਲਕਾ ਇੰਚਾਰਜ ਐਡਵੋਕੇਟ ਚੰਦੀ ਵੱਲੋਂ ਵੱਖ ਵੱਖ ਵਾਰਡਾਂ ਦੀਆਂ ਗਲੀਆਂ ਬਣਾਉਣ ਦੇ ਕੰਮਾਂ ਦੀ ਸ਼ੁਰੂਆਤ
Publish Date: Thu, 07 May 2026 10:04 PM (IST)
Updated Date: Thu, 07 May 2026 10:05 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਨਾਲ-ਨਾਲ ਸ਼ਹਿਰੀ ਖੇਤਰ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਵੱਲੋਂ ਹਲਕਾ ਕਪੂਰਥਲਾ ਦੇ ਵਾਰਡ ਨੰਬਰ 22 ਵਾਰਡ ਨੰਬਰ 36 ਤੇ ਵਾਰਡ ਨੰਬਰ 39 ਦੀਆਂ ਗਲੀਆਂ ਬਣਾਉਣ ਦੇ ਪ੍ਰੋਜੈਕਟਾਂ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸ਼ੁਰੂ ਕਰਵਾਏ ਕੰਮਾਂ ਬਾਰੇ ਐਡਵੋਕੇਟ ਚੰਦੀ ਨੇ ਦੱਸਿਆ ਕਿ ਹਲਕਾ ਕਪੂਰਥਲਾ ਦੇ ਵਾਰਡਾਂ ਵਿਚ ਕਰੋੜ ਰੁਪਏ ਦੀ ਲਾਗਤ ਨਾਲ ਗਲੀਆਂ ਤੇ ਸੜਕਾਂ ਬਣਾਈਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰਾਜੈਕਟਾਂ ਵਿਚ 22 ਨੰਬਰ ਵਾਰਡ ਦੇ ਮੁਹੱਲਾ ਤ੍ਰਿਲੋਕੀਨਾਥ ਦੀਆਂ ਗਲੀਆਂ ਬਣਾਉਣ ਲਈ 10 ਲੱਖ, ਵਾਰਡ ਨੰਬਰ 36 ਮੁਹੱਲਾ ਪ੍ਰੀਤ ਨਗਰ ਦੀਆਂ ਗਲੀਆਂ ਬਣਾਉਣ ਲਈ 20 ਲੱਖ ਤੇ ਵਾਰਡ ਨੰਬਰ 39 ਮੁਹੱਲਾ ਨਰੋਤਮ ਵਿਹਾਰ ਦੀਆਂ ਗਲੀਆਂ ਬਣਾਉਣ ਲਈ 15 ਲੱਖ ਦੀ ਰਕਮ ਖਰਚ ਕੀਤੀ ਜਾਵੇਗੀ, ਜਿਸ ਨਾਲ ਵਾਰਡ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਤੇ ਉੱਚ ਗੁਣਵੱਤਾ ਨਾਲ ਮੁਕੰਮਲ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਜਲਦੀ ਤੋਂ ਜਲਦੀ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਕਪੂਰਥਲਾ ਦੀਆਂ ਸੜਕਾਂ ਦੀ ਦੇਖਭਾਲ ਨਹੀਂ ਕੀਤੀ ਗਈ। ਇਨ੍ਹਾਂ ਗਲੀਆਂ ਦੀ ਹਾਲਤ ਬਹੁਤ ਮਾੜੀ ਸੀ, ਸੜਕ ’ਤੇ ਟੋਇਆਂ ਕਾਰਨ ਪੈਦਲ ਚੱਲਣ ਵਾਲੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਸਨ। ਸੜਕਾਂ ਦੇ ਨਿਰਮਾਣ ਨਾਲ ਜਿਥੇ ਲੋਕਾਂ ਦੀ ਆਵਾਜਾਈ ਸੁਖਾਵੀਂ ਹੋਵੇਗੀ, ਉੱਥੇ ਵਿਕਾਸ ਦਾ ਰਾਹ ਵੀ ਪੱਧਰਾ ਹੋਵੇਗਾ।