ਨਗਰ ਕੌਂਸਲ ਪ੍ਰਧਾਨ ਤੇ ਮੀਤ ਪ੍ਰਧਾਨ ਦਾ ਕੀਤਾ ਸਨਮਾਨ
ਸੁਲਤਾਨਪੁਰ ਲੋਧੀ ਵਿੱਚ ਵਿਕਾਸ ਦੀ ਨਵੀਂ ਮਿਸਾਲ: ਪ੍ਰਧਾਨ ਦੀਪਕ ਧੀਰ ਰਾਜੂ ਦਾ 5 ਸਾਲਾ ਕਾਰਜਕਾਲ ਰਿਹਾ ਸ਼ਾਨਦਾਰ
Publish Date: Wed, 08 Apr 2026 07:31 PM (IST)
Updated Date: Wed, 08 Apr 2026 07:35 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ ਨੇ ਆਪਣੇ ਕਾਰਜਕਾਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਨਗਰ ਕੌਂਸਲ ਦੇ ਸਟਾਫ, ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਪੂਰਾ ਸਹਿਯੋਗ ਮਿਲਿਆ। ਉਨ੍ਹਾਂ ਸਾਰੇ ਮੁਲਾਜ਼ਮਾਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਕਿਸੇ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ। ਉਨ੍ਹਾਂ ਕਾਰਜ ਸਾਧਕ ਅਫਸਰ,ਵਿਨੇ, ਅਰਵਿੰਦ, ਗੌਰਵ, ਸੰਜੀਵ ਅਤੇ ਬਿੱਟੂ ਦੇ ਯੋਗਦਾਨ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਕਿਰਪਾ ਨਾਲ ਸ਼ਹਿਰ ਵਿੱਚ ਕਈ ਵੱਡੇ ਪ੍ਰੋਜੈਕਟ ਸਫਲਤਾਪੂਰਵਕ ਪੂਰੇ ਕੀਤੇ ਗਏ। ਜਿੱਥੇ ਕਈ ਥਾਵਾਂ ‘ਤੇ ਪੰਜ ਸਾਲਾਂ ਵਿੱਚ ਇੱਕ ਵੀ ਸੜਕ ਨਹੀਂ ਬਣਦੀ, ਉੱਥੇ ਸੁਲਤਾਨਪੁਰ ਲੋਧੀ ਵਿੱਚ ਕਈ ਸੜਕਾਂ ਦਾ ਨਿਰਮਾਣ ਦੋ ਵਾਰ ਤੱਕ ਕਰਵਾਇਆ ਗਿਆ। ਲਗਭਗ 6 ਕਰੋੜ ਰੁਪਏ ਦੇ ਵਿਕਾਸੀ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਕਈ ਆਰਐਮਸੀ ਪ੍ਰੋਜੈਕਟਾਂ ਦੇ ਵਰਕ ਆਰਡਰ ਵੀ ਜਾਰੀ ਹੋ ਚੁੱਕੇ ਹਨ, ਜੋ ਆਉਣ ਵਾਲੇ 2-3 ਮਹੀਨਿਆਂ ਵਿੱਚ ਪੂਰੇ ਹੋਣ ਦੀ ਉਮੀਦ ਹੈ। ਮੇਨ ਬਾਜ਼ਾਰ ਵਿੱਚ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਇੰਟਰਲਾਕਿੰਗ ਟਾਇਲਾਂ ਦੀ ਥਾਂ ਉੱਚ ਗੁਣਵੱਤਾ ਵਾਲੀ ਲੁੱਕ ਵਾਲੀ ਸੜਕ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ 25 ਲੱਖ ਰੁਪਏ ਦੀ ਲਾਗਤ ਨਾਲ ਸ਼ਮਸ਼ਾਨ ਘਾਟ ਦੇ ਸੁਧਾਰ ਕੰਮ ਕਰਵਾਏ ਗਏ ਹਨ, ਜਦਕਿ 81 ਲੱਖ ਰੁਪਏ ਨਾਲ ਕੈਮਰਾ ਬਿਲਡਿੰਗ ਦਾ ਨਿਰਮਾਣ ਕੀਤਾ ਗਿਆ। ਰੇਲਵੇ ਰੋਡ, ਭਾਰਾ ਮੰਦਰ ਰੋਡ ਸਮੇਤ ਕਈ ਅਹਿਮ ਸੜਕਾਂ ਨੂੰ ਨਵੀਂ ਰੂਪ-ਰੇਖਾ ਦਿੱਤੀ ਗਈ ਹੈ। ਲਗਭਗ 13 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦਾ ਨਿਰਮਾਣ ਜਾਰੀ ਹੈ। ਸ਼ਹਿਰ ਵਿੱਚ ਨਵੀਂ ਵਾਟਰ ਸਪਲਾਈ ਅਤੇ ਸੀਵਰੇਜ ਪਾਈਪਲਾਈਨ ਵਿਛਾਉਣ ਦੇ ਕੰਮ ਵੀ ਕੀਤੇ ਗਏ ਹਨ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।ਪ੍ਰਧਾਨ ਦੀਪਕ ਧੀਰ ਰਾਜੂ ਨੇ ਆਪਣੇ ਇਸ ਸਫਰ ਵਿੱਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਮਾਰਗਦਰਸ਼ਨ ਨੂੰ ਵੀ ਅਹਿਮ ਕਰਾਰ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ ਦੇ ਯੋਗਦਾਨ ਦੀ ਵੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਹਰ ਵਿਕਾਸ ਕੰਮ ਵਿੱਚ ਸਰਗਰਮ ਭੂਮਿਕਾ ਨਿਭਾਈ ਅਤੇ ਟੀਮ ਦੇ ਨਾਲ ਮਿਲ ਕੇ ਸ਼ਹਿਰ ਦੀ ਤਰੱਕੀ ਨੂੰ ਨਵੀਂ ਦਿਸ਼ਾ ਦਿੱਤੀ। ਇਸ ਮੌਕੇ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਕੌਂਸਲਰ ਪਵਨ ਕਨੌਜੀਆ, ਸਤਪ੍ਰੀਤ ਸਿੰਘ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਮਾਧਵ ਗੁਪਤਾ, ਦੀਪਕ ਬਵੇਜਾ, ਪ੍ਰਧਾਨ ਸੰਜੀਵ ਕੁਮਾਰ ਮਰਵਾਹਾ, ਮਾਨਵ ਜ਼ੈਲਦਾਰ, ਕਰਨੈਲ ਸਿੰਘ ਮਿਰਜ਼ਾਪੁਰ, ਐਮਡੀ ਅਮਿਤੋਜ ਸਿੰਘ, ਰਿੰਮੀ ਗੁਪਤਾ, ਰਾਜੂ ਉੱਪਲ, ਹਰਵਿੰਦਰ ਸਿੰਘ ਠੇਕੇਦਾਰ, ਜਤਿਨ ਚੌਧਰੀ, ਗਗਨ ਨਾਹਰ, ਸਨੀ ਨਾਹਰ, ਗੌਰਵ ਗਿਰੀ, ਰਾਜ ਕੁਮਾਰ ਰਾਜੂ, ਰਵੀ ਕੁਮਾਰ, ਅਰਵਿੰਦ, ਅਨੀਤਾ ਆਦਿ ਮੌਜੂਦ ਸਨ।