ਤੇਜ਼ ਰਫ਼ਤਾਰ ਸਕਾਰਪੀਓ ਨੇ ਪੈਟਰੋਲ ਪੰਪ ‘ਤੇ ਮੋਟਰਸਾਈਕਲ ਸਵਾਰ ਦਰੜਿਆ, ਮੌਤ
ਪੈਟਰੋਲ ਪੰਪ ‘ਤੇ ਤੇਲ ਪਵਾਉਣ ਆਏ ਮੋਟਰਸਾਈਕਲ ਸਵਾਰ ਦੀ ਤੇਜ਼ ਰਫ਼ਤਾਰ ਸਕਾਰਪੀਓ ਨਾਲ ਟੱਕਰ ਵਿੱਚ ਮੌਤ।
Publish Date: Mon, 02 Mar 2026 08:54 PM (IST)
Updated Date: Mon, 02 Mar 2026 08:55 PM (IST)
ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਅੱਜ ਦੁਪਹਿਰ ਵੇਲੇ ਇਕ ਦਰਦਨਾਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹੈਦਰਾਬਾਦ ਬੇਟ (ਸੁਲਤਾਨਪੁਰ ਲੋਧੀ) ਦਾ ਰਹਿਣ ਵਾਲਾ ਪਿਆਰਾ ਲਾਲ ਆਪਣੇ ਮੋਟਰਸਾਈਕਲ ਨੰਬਰ ‘ਤੇ ਮੇਵਾ ਸਿੰਘ ਵਾਲਾ ਸਥਿਤ ਪੈਟਰੋਲ ਪੰਪ ‘ਤੇ ਸੜਕ ਕਿਨਾਰੇ ਤੇਲ ਪਵਾਉਣ ਲਈ ਖੜ੍ਹੇ ਸਨ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੰਬਰ ਨੇ ਅਚਾਨਕ ਆ ਕੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਪਿਆਰਾ ਲਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਕਾਰਪੀਓ ਗੱਡੀ ਦਾ ਡਰਾਈਵਰ ਹੀ ਜਖ਼ਮੀ ਵਿਅਕਤੀ ਨੂੰ ਆਪਣੀ ਗੱਡੀ ਵਿਚ ਪਾ ਕੇ ਹਸਪਤਾਲ ਲੈ ਕੇ ਆਇਆ ਸੀ। ਜਾਂਚ ਦੌਰਾਨ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਹਸਪਤਾਲ ਪਹੁੰਚਣ ਤੋਂ ਬਾਅਦ ਸਕਾਰਪੀਓ ਡਰਾਈਵਰ ਆਪਣੀ ਗੱਡੀ ਉਥੇ ਹੀ ਛੱਡ ਕੇ ਫਰਾਰ ਹੋ ਗਿਆ। ਇਸ ਸਬੰਧੀ ਏਐੱਸਆਈ ਸੁਬੇਗ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਹਾਦਸੇ ਦੀ ਸੂਚਨਾ ਮਿਲ ਗਈ ਹੈ। ਡਾਕਟਰੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਫਰਾਰ ਡਰਾਈਵਰ ਦੀ ਭਾਲ ਜਾਰੀ ਹੈ।