ਬੇਬਸ ਮਾਂ ਨੇ 6 ਮਹੀਨੇ ’ਚ ਨਸ਼ੇ ਕਾਰਨ ਆਪਣੇ ਦੋ ਪੁੱਤ ਗੁਆਏ
ਇੱਕ ਮਾਂ ਨੇ 6 ਮਹੀਨੇ ਵਿੱਚ ਨਸ਼ੇ ਕਾਰਨ ਆਪਣੇ ਦੋ ਪੁੱਤ ਗੁਆ ਦਿੱਤੇ
Publish Date: Mon, 27 Apr 2026 09:29 PM (IST)
Updated Date: Mon, 27 Apr 2026 09:31 PM (IST)

ਨਸ਼ੇ ਕਾਰਨ ਹੋ ਰਹੀਆਂ ਮੌਤਾਂ ਸਮਾਜ ਲਈ ਚਿੰਤਾ ਦਾ ਵਿਸ਼ਾ : ਭੁਪਿੰਦਰ ਸਿੰਘ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕੁਝ ਹਫ਼ਤੇ ਪਹਿਲਾਂ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਪੰਡੋਰੀ ਮੁਹੱਲੇ ਵਿਚ ਇਕ ਔਰਤ ਨੇ ਨਸ਼ਿਆਂ ਕਾਰਨ ਆਪਣੇ ਪੰਜ ਪੁੱਤਰਾਂ ਨੂੰ ਵੀ ਗੁਆ ਦਿੱਤਾ ਸੀ। ਪਿੰਡ ਰਾਏਪੁਰ ਅਰਾਈਆਂ ਵਿਚ ਨਸ਼ਿਆਂ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਹੁਣ ਸੁਲਤਾਨਪੁਰ ਲੋਧੀ ਦੇ ਪਿੰਡ ਗਾਜ਼ੀਪੁਰ ਵਿਚ ਨਸ਼ੇ ਕਾਰਨ ਹੋਈ ਇਕ ਹੋਰ ਕਥਿਤ ਮੌਤ ਨੇ ਦਹਿਸ਼ਤ ਪੈਦਾ ਕਰ ਦਿੱਤੀ ਹੈ। ਸ਼ੁੱਕਰਵਾਰ ਦੇਰ ਰਾਤ ਕਪੂਰਥਲਾ ਪੁਲਿਸ ਨੂੰ ਇਕ 20 ਸਾਲਾ ਨੌਜਵਾਨ ਦੀ ਲਾਸ਼ ਮਿਲੀ। ਛੇ ਮਹੀਨੇ ਪਹਿਲਾਂ ਉਸ ਦੇ ਵੱਡੇ ਭਰਾ ਦੀ ਵੀ ਕਥਿਤ ਨਸ਼ੇ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਬਲਜੀਤ ਵਜੋਂ ਹੋਈ ਹੈ, ਜੋ ਕਪੂਰਥਲਾ ਦੇ ਪਿੰਡ ਗਾਜ਼ੀਪੁਰ ਦਾ ਰਹਿਣ ਵਾਲਾ ਸੀ। ਉਸਦੀ ਮਾਂ ਪਿਛਲੇ 6 ਮਹੀਨਿਆਂ ਵਿਚ ਦੋ ਪੁੱਤਰ ਗੁਆ ਚੁੱਕੀ ਹੈ। ਹੁਣ ਉਸਦੇ ਕੋਲ ਜਿਉਣ ਲਈ ਕੁਝ ਵੀ ਨਹੀਂ ਬਚਿਆ। ਇਕ ਮਾਂ ਲਈ 6 ਮਹੀਨਿਆਂ ਦੇ ਅੰਦਰ ਆਪਣੇ 2 ਪੁੱਤਾਂ ਨੂੰ ਗੁਆ ਦੇਣਾ ਇਕ ਅਜਿਹਾ ਘਾਟਾ ਹੈ ਜਿਸਦੀ ਪੂਰਤੀ ਕਦੇ ਨਹੀਂ ਹੋ ਸਕਦੀ ਤੇ ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ ਵਿਚ ਨਸ਼ਿਆਂ ਕਾਰਨ ਹੋ ਰਹੀਆਂ ਇਹ ਮੌਤਾਂ ਪੂਰੇ ਸਮਾਜ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹਨ। ਇਹ ਵਿਚਾਰ ਭੁਪਿੰਦਰ ਸਿੰਘ, ਦਿਹਾਤੀ ਪ੍ਰਧਾਨ ਜਲੰਧਰ ਐਂਟੀ ਡਰੱਗ ਕਲੱਬ ਦੋਆਬਾ ਨੇ ਨੌਜਵਾਨਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਸ਼ਾ ਮਾਫੀਆ ਜਾਣਬੁੱਝ ਕੇ ਅਗਲੀ ਪੀੜ੍ਹੀ ਨੂੰ ਬਰਬਾਦ ਕਰਨ ਦਾ ਨਿਸ਼ਾਨਾ ਬਣਾ ਰਿਹਾ ਹੈ ਤੇ ਪੰਜਾਬ ਵਿਚ ਨਸ਼ਾ ਇਕ ਬਹੁਤ ਹੀ ਗੰਭੀਰ ਸਮੱਸਿਆ ਬਣ ਚੁੱਕਾ ਹੈ। ਹਾਲਾਂਕਿ ਨਸ਼ਾ ਮਾਫੀਆ ਸਾਡੀਆਂ ਕੋਸ਼ਿਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇਸ ਲਈ ਸਾਨੂੰ ਧਮਕੀਆਂ ਵੀ ਦੇ ਰਿਹਾ ਹੈ, ਪਰ ਇਸ ਦੇ ਬਾਵਜੂਦ ਅਸੀਂ ਨਸ਼ਾ ਮਾਫੀਆ ਵਿਰੁੱਧ ਆਪਣੀਆਂ ਸੇਵਾਵਾਂ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਆਲੇ-ਦੁਆਲੇ ਕੋਈ ਨਸ਼ੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਤਾਂ ਕਿਰਪਾ ਕਰਕੇ ਨਜ਼ਦੀਕੀ ਨਸ਼ਾ ਛੁਡਾਊ ਕੇਂਦਰ ਜਾਂ ਪ੍ਰਸ਼ਾਸਨ ਨਾਲ ਸੰਪਰਕ ਕਰੋ। ਅਸੀਂ ਸਾਰਿਆਂ ਦੇ ਸਹਿਯੋਗ ਨਾਲ ਹੀ ਇਸ ਕੋਹੜ ਨੂੰ ਖਤਮ ਕਰ ਸਕਦੇ ਹਾਂ।