ਕਾਲਾ ਸੰਘਿਆ ਤੋਂ ਕਿਰਤੀ ਕਿਸਾਨ ਯੂਨੀਅਨ ਦਾ ਜਥਾ ਬਰਨਾਲਾ ਰੈਲੀ ’ਚ ਹੋਇਆ ਸ਼ਾਮਲ
ਕਾਲ਼ਾ ਸੰਘਿਆਂ ਤੋਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦਾ ਜੱਥਾ ਬਰਨਾਲਾ ਰੈਲੀ ’ਚ ਹੋਇਆ ਸ਼ਾਮਿਲ
Publish Date: Wed, 11 Mar 2026 10:01 PM (IST)
Updated Date: Wed, 11 Mar 2026 10:03 PM (IST)

ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਬਿਜਲੀ ਸੋਧ ਬਿੱਲ ਸਮੇਤ ਅਨੇਕਾਂ ਕਿਸਾਨੀ ਮੰਗਾਂ ਨੂੰ ਲੈ ਕੇ ਬਰਨਾਲਾ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਮਹਾਂਪੰਚਾਇਤ ਵਿਚ ਕਾਲਾ ਸੰਘਿਆ ਤੋਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਇਲਾਕੇ ਦੇ ਪ੍ਰਧਾਨ ਪਲਵਿੰਦਰ ਸਿੰਘ ਸੰਘਾ ਦੀ ਅਗਵਾਈ ਵਿਚ ਰਵਾਨਾ ਹੋਏ। ਸਥਾਨਕ ਗੁਰਦੁਆਰਾ ਬਾਬਾ ਕਾਹਨ ਦਾਸ ਤੋਂ ਰਵਾਨਾ ਹੋਣ ਮੌਕੇ ਪ੍ਰਧਾਨ ਪਲਵਿੰਦਰ ਸਿੰਘ ਸੰਘਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲੋਕਾਂ ’ਤੇ ਜ਼ਬਰੀ ਬਿਜਲੀ ਸੋਧ ਬਿੱਲ ਤੇ ਚਿੱਪ ਵਾਲੇ ਮੀਟਰਾਂ ਦੇ ਥੋਪੇ ਜਾ ਰਹੇ ਫੈਸਲੇ ਸਮੇਤ ਹੋਰ ਅਹਿਮ ਮੰਗਾਂ ਨੂੰ ਲੈ ਕੇ ਬਰਨਾਲਾ ਵਿਖੇ ਬਹੁਤ ਵੱਡਾ ਇਕੱਠ ਕੀਤਾ ਜਾ ਰਿਹਾ ਹੈ, ਜਿਸ ਨਾਲ ਕੇਂਦਰ ਸਰਕਾਰ ਨੂੰ ਇਨ੍ਹਾਂ ਲੋਕ ਵਿਰੋਧੀ ਫ਼ੈਸਲਿਆਂ ਵਿਚ ਦੱਬੀ ਜ਼ੁਬਾਨ ਵਿਚ ਹਮਾਇਤ ਦੇਣ ਵਾਲੀ ਪੰਜਾਬ ਸਰਕਾਰ ਦੇ ਕੰਨ ਵੀ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕਿਸਾਨ ਜਥੇਬੰਦੀਆਂ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕਰਦੀਆਂ ਰਹਿਣਗੀਆਂ ਤੇ ਲੋਕ ਵੀ ਆਪਣੇ ਘਰਾਂ ਜਾਂ ਹੋਰ ਥਾਵਾਂ ’ਤੇ ਇਹ ਮੀਟਰ ਨਾ ਲੱਗਣ ਦੇਣ ਤੇ ਜੇਕਰ ਕੋਈ ਮੁਲਾਜ਼ਮ ਜ਼ਬਰੀ ਇਹ ਮੀਟਰ ਲਗਾਉਂਦਾ ਹੈ ਤਾਂ ਲੋਕ ਜਥੇਬੰਦੀਆਂ ਨਾਲ਼ ਸੰਪਰਕ ਕਰਨ। ਇਸ ਮੌਕੇ ਸਰਬਣ ਸਿੰਘ ਸੰਘਾ, ਕੁਲਦੀਪ ਕੁਮਾਰ ਲੂੰਬਾ, ਕਸ਼ਮੀਰ ਸਿੰਘ, ਪ੍ਰਗਣ ਸਿੰਘ, ਪਵਿੱਤਰ ਸਿੰਘ, ਜ਼ੋਰਾ ਸਿੰਘ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਮੰਡੇਰ, ਕੁਲਵਿੰਦਰ ਸਿੰਘ, ਬਿੱਟੂ ਤੂਤਾਂ ਵਾਲੀਆਂ, ਮੰਗਾ, ਜਸਪਾਲ ਸਿੰਘ ਆਦਿ ਹਾਜ਼ਰ ਸਨ।