ਡਾ. ਅੰਬੇਡਕਰ ਦੇ 135ਵੇਂ ਜਨਮ ਦਿਨ ’ਤੇ ਵਿਸ਼ਾਲ ਪ੍ਰੋਗਰਾਮ ਕਰਵਾਇਆ
ਬਾਬਾ ਸਾਹਿਬ ਅੰਬੇਡਕਰ ਜੀ ਦੀ 135ਵੀਂ ਜਨਮ ਜਯੰਤੀ ਨੂੰ ਸਮਰਪਿਤ ਹੋਇਆ ਵਿਸ਼ਾਲ ਪ੍ਰੋਗਰਾਮ
Publish Date: Tue, 21 Apr 2026 08:14 PM (IST)
Updated Date: Tue, 21 Apr 2026 08:16 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਸਮਾਜ ਨਿਰਮਾਣ ਸੰਘ (ਪੰਜਾਬ) ਤੇ ਐੱਸਸੀ/ਬੀਸੀ ਅਧਿਆਪਕ ਯੂਨੀਅਨ ਤੇ ਟੀਮ ਵਿਜ਼ਨ ਵੱਲੋਂ ਪਿੰਡ ਡਡਵਿੰਡੀ ਵਿਚ ਇਕ ਵਿਸ਼ਾਲ ਇਕੱਠ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਇਸ ਪਿੰਡ ਦੀ ਸਕੂਲ ਮੈਨੇਜਮੈਂਟ ਕਮੇਟੀ ਦੇ ਮਾਨਯੋਗ ਚੇਅਰਮੈਨ ਤੇ ਮੈਂਬਰਾਂ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੰਵਿਧਾਨ ਦੀ ਉਦੇਸ਼ਕਾ ਪੜ੍ਹ ਕੇ ਕੀਤੀ ਗਈ। ਇਸ ਮੌਕੇ ਹੋਏ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਨੇ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਦੇ ਮੁੱਖ ਬਿੰਦੂ ਸਿੱਖਿਆ ਦਾ ਮਨੁੱਖ ਦੇ ਜੀਵਨ ਵਿਚ ਕੀ ਰੋਲ ਹੈ, ਬਾਰੇ ਚਰਚਾ ਕਰਦਿਆਂ ਸਕੂਲ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਐਡਵੋਕੇਟ ਦਲਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਜਾਤ-ਪਾਤ ਤੇ ਊਚ-ਨੀਚ ਦਾ ਪਾੜਾ ਬਹੁਤ ਹੀ ਗੰਭੀਰ ਬੀਮਾਰੀ ਤੇ ਮਾੜਾ ਕਲਚਰ ਹੈ, ਜਿਸ ਨੂੰ ਜਲਦੀ ਤੋਂ ਜਲਦੀ ਖਤਮ ਕਰਕੇ ਇਨਸਾਨੀਅਤ ਦੇ ਧਰਮ ਨੂੰ ਅਪਨਾਉਣਾ ਚਾਹੀਦਾ ਹੈ, ਤਦ ਹੀ ਇਸ ਦੇਸ਼ ਦੀ ਤਰੱਕੀ ਹੋ ਸਕਦੀ ਹੈ। ਪ੍ਰੋਗਰਾਮ ਦੇ ਮੁੱਖ ਬੁਲਾਰੇ ਤੇ ਭਾਰਤੀ ਸਮਾਜ ਨਿਰਮਾਣ ਸੰਘ ਦੇ ਪੰਜਾਬ ਪ੍ਰਧਾਨ ਇੰਜ. ਜੀਤ ਸਿੰਘ ਨੇ ਕਿਹਾ ਕਿ ਦੇਸ਼ ਦੀ ਲਗਭਗ 50% ਅਬਾਦੀ ਔਰਤਾਂ ਦੀ ਹੈ, ਜਿਨ੍ਹਾਂ ਨੂੰ ਸਦੀਆਂ ਤੋਂ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ, ਉਨ੍ਹਾਂ ਨੂੰ ਬਾਬਾ ਸਾਹਿਬ ਅੰਬੇਡਕਰ ਨੇ ਬਰਾਬਰ ਦੇ ਅਧਿਕਾਰਾਂ ਨਾਲ ਨਿਵਾਜਿਆ ਹੈ, ਜਿਸ ਦਾ ਸਦਕਾ ਔਰਤ ਦੇਸ਼ ਦੇ ਹਰ ਵੱਡੇ ਅਹੁਦੇ ’ਤੇ ਬਿਰਾਜਮਾਨ ਹੋਈ ਹੈ। ਉਨ੍ਹਾਂ ਇਸ ਪ੍ਰੋਗਰਾਮ ਵਿਚ ਸ਼ਾਮਲ ਔਰਤਾਂ ਤੇ ਸਕੂਲੀ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਉਹ ਬਾਬਾ ਸਾਹਿਬ ਅੰਬੇਡਕਰ ਤੇ ਜੀਵਨ ਅਤੇ ਮਿਸ਼ਨ ਨੂੰ ਪੜਨ ਤੇ ਉਨ੍ਹਾਂ ਦੇ ਜੀਵਨ ਸੰਘਰਸ਼ ਤੋਂ ਸੇਧ ਲੈਣ। ਇਸ ਮੌਕੇ ਐੱਸਸੀ/ਬੀਸੀ ਅਧਿਆਪਕ ਯੂਨੀਅਨ ਦੇ ਆਗੂ ਕੁਸ਼ਲ ਕੁਮਾਰ ਨੇ ਕਿਹਾ ਕਿ ਸਿੱਖਿਆ ਸ਼ੇਰਨੀ ਦਾ ਦੁੱਧ ਹੈ, ਜੋ ਪੀਏਗਾ ਉਹੀ ਦਹਾੜੇਗਾ। ਬਾਬਾ ਸਾਹਿਬ ਅੰਬੇਡਕਰ ਦੇ ਇਸ ਕਥਨ ਨੂੰ ਅਮਲੀ ਰੂਪ ਦੇਣ ਲਈ ਸਾਨੂੰ ਸਾਰਿਆਂ ਨੂੰ ਸਮਾਜ ਦੇ ਵਿਚ ਸਿੱਖਿਆ ਦਾ ਪ੍ਰਸਾਰ ਕਰਨ ਲਈ ਹਰ ਹੀਲਾ ਲਾ ਦੇਣਾ ਚਾਹੀਦਾ ਹੈ। ਮੰਚ ਦਾ ਸੰਚਾਲਨ ਕਰਦੇ ਹੋਏ ਭਾਰਤੀ ਸਮਾਜ ਨਿਰਮਾਣ ਸੰਘ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਕਿਹਾ ਕਿ ਹੱਕ ਮੰਗਿਆਂ ਨਹੀਂ ਮਿਲਦੇ, ਖੋਹਣੇ ਪੈਂਦੇ ਹਨ। ਹੱਕ ਅਧਿਕਾਰ ਪ੍ਰਾਪਤ ਕਰਨ ਲਈ ਸਾਨੂੰ ਲੜਨਾ ਪਵੇਗਾ ਤੇ ਲੜਨ ਦੇ ਲਈ ਸਾਨੂੰ ਪੜਨਾ ਪਵੇਗਾ। ਇਸ ਲਈ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਾਨੂੰ ਜਨ-ਜਨ ਤੱਕ ਜਾਣ ਦੀ ਲੋੜ ਹੈ। ਪ੍ਰੋਗਰਾਮ ਦੇ ਅੰਤ ਵਿਚ ਆਏ ਹੋਏ ਮਹਿਮਾਨਾਂ ਦਾ ਸਨਮਾਨ ਕਰਨ ਉਪਰੰਤ ਸਭ ਦਾ ਧੰਨਵਾਦ ਕਰਦੇ ਹੋਏ ਰਣਜੀਤ ਸਿੰਘ ਨੇ ਪ੍ਰੋਗਰਾਮ ਦੀ ਸਮਾਪਤੀ ਦਾ ਐਲਾਨ ਕੀਤਾ। ਇਸ ਮੌਕੇ ਸੁਰਜੀਤ ਕੌਰ, ਸੁਨੀਤਾ ਰਵੀਦਾਸੀਆ, ਹਿਨਾ, ਹਰਿੰਦਰ ਕੁਮਾਰ ਸ਼ੀਤਲ, ਜਸਵੀਰ ਸਿੰਘ ਪਪਾ, ਗੁਰਮੇਸ਼ ਸਿੰਘ, ਬਲਵਿੰਦਰ ਸਿੰਘ, ਅਮਰਜੀਤ, ਰਾਹੁਲ, ਸੰਨੀ, ਅਭਿਨਵ, ਸੁਖਦੇਵ ਬਾਬਾ, ਹਰਮੇਸ਼, ਸੰਤੋਖ, ਤਰਸੇਮ ਤੇ ਸੰਦੀਪ ਆਦਿ ਹਾਜ਼ਰ ਸਨ।