ਡਡਵਿੰਡੀ ’ਚ ਪਹਿਲੀ ਮਾਰਚ ਨੂੰ ਹੋਵੇਗਾ ਕਬੱਡੀ ਖੇਡ ਮੇਲਾ : ਸੋਢੀ
ਡਡਵਿੰਡੀ ਵਿਖੇ 1 ਮਾਰਚ ਨੂੰ ਕਰਵਾਇਆ ਜਾਵੇਗਾ ਸ਼ਾਨਦਾਰ ਕਬੱਡੀ ਖੇਡ ਮੇਲਾ: ਮੁਖਤਿਆਰ ਸਿੰਘ ਸੋਢੀ
Publish Date: Sat, 21 Feb 2026 09:43 PM (IST)
Updated Date: Sat, 21 Feb 2026 09:45 PM (IST)

ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਜ਼ਿਲ੍ਹਾ ਕਪੂਰਥਲਾ ਦੇ ਪਿੰਡ ਡਡਵਿੰਡੀ ਵਿਖੇ 1 ਮਾਰਚ 2026 ਦਿਨ ਐਤਵਾਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖੇਡ ਸਟੇਡੀਅਮ ਡਡਵਿੰਡੀ ਵਿਖੇ ਸ਼ਾਨਦਾਰ ਕਬੱਡੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਖਤਿਆਰ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਕਪੂਰਥਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦੱਸਿਆ ਕਿ ਇਹ ਕਬੱਡੀ ਮੇਲਾ ਸਮੂਹ ਗ੍ਰਾਮ ਪੰਚਾਇਤ ਡਡਵਿੰਡੀ, ਸਮੂਹ ਨਗਰ ਨਿਵਾਸੀ ਡਡਵਿੰਡੀ ਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਇਨਾਮ 71,000 ਰੁਪਏ ਤੇ ਦੂਸਰਾ ਇਨਾਮ 51,000 ਰੁਪਏ ਹੋਵੇਗਾ ਤੇ ਬੈਸਟ ਰੇਡਰ ਤੇ ਬੈਸਟ ਜਾਫੀ ਲਈ ਵੱਡੇ ਸਰਪ੍ਰਾਈਜ਼ ਹੋਣਗੇ। ਸੋਢੀ ਨੇ ਦੱਸਿਆ ਕਿ ਕਬੱਡੀ 75 ਕਿੱਲੋ ਆਲ ਓਪਨ ਕਬੱਡੀ ਮੈਚ ਹੋਵੇਗਾ ਤੇ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ ਤੇ ਛੋਟੇ ਬੱਚਿਆਂ ਦਾ ਕਬੱਡੀ ਮੈਚ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਿਚ ਪਹਿਲਾ ਇਨਾਮ 31,000 ਰੁਪਏ ਤੇ ਦੂਸਰਾ ਇਨਾਮ 21,000 ਰੁਪਏ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਕਬੱਡੀ ਓਪਨ ਮੈਚ ਵਿਚ 4 ਕਲੱਬ ਤੇ 75 ਕਿੱਲੋ ਭਾਰ ਵਿਚ 4 ਕਲੱਬ ਭਾਗ ਲੈ ਰਹੇ ਹਨ। ਉਨ੍ਹਾਂ ਵਿਸੇਸ਼ ਤੌਰ ’ਤੇ ਦੱਸਿਆ ਕਿ ਸਿਰਫ ਸੱਦੀਆਂ ਹੋਈਆਂ 4 ਟੀਮਾਂ ਵਿਚ ਹੀ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਤੇ ਪੰਜਾਬ ਦੀ ਰਵਾਇਤੀ ਖੇਡ ਕਬੱਡੀ ਨੂੰ ਪ੍ਰੋਤਸਾਹਿਤ ਕਰਨਾ ਹੈ। ਮੇਲੇ ਵਿਚ ਇਲਾਕੇ ਦੀਆਂ ਪ੍ਰਸਿੱਧ ਟੀਮਾਂ ਹਿੱਸਾ ਲੈਣਗੀਆਂ ਤੇ ਦਰਸ਼ਕਾਂ ਲਈ ਰੋਮਾਂਚਕ ਮੁਕਾਬਲੇ ਵੇਖਣ ਨੂੰ ਮਿਲਣਗੇ। ਸੋਢੀ ਨੇ ਅੱਗੇ ਦੱਸਿਆ ਕਿ ਜੇਤੂ ਤੇ ਉਪ-ਜੇਤੂ ਟੀਮਾਂ ਲਈ ਵੱਡੀਆਂ ਇਨਾਮੀ ਰਾਸ਼ੀਆਂ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਖਿਡਾਰੀਆਂ ਦਾ ਮਨੋਬਲ ਵਧਾਇਆ ਜਾ ਸਕੇ। ਉਨ੍ਹਾਂ ਸਮੂਹ ਖੇਡ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਵਿਚ ਪਿੰਡ ਡਡਵਿੰਡੀ ਵਿਖੇ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਅਫ਼ਜ਼ਾਈ ਕਰਨ ਅਤੇ ਮੇਲੇ ਨੂੰ ਕਾਮਯਾਬ ਬਣਾਉਣ।