ਨਿਰਮਲ ਕੁਟੀਆ ਵਿਖੇ ਸ਼੍ਰੋਮਣੀ ਭਗਤ ਧੰਨਾ ਜੀ ਦੇ ਜਨਮ ਦਿਨ ਤੇ ਸੰਗਰਾਂਦ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਇਆ
ਨਿਰਮਲ ਕੁਟੀਆ ਵਿਖੇ ਸ਼੍ਰੋਮਣੀ ਭਗਤ ਧੰਨਾ ਜੀ ਦੇ ਜਨਮਦਿਨ ਅਤੇ ਸੰਗਰਾਂਦ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਇਆ
Publish Date: Fri, 15 May 2026 06:42 PM (IST)
Updated Date: Fri, 15 May 2026 06:45 PM (IST)

ਵਿਜੇ ਸੋਨੀ ਪੰਜਾਬੀ ਜਾਗਰਣ, ਫਗਵਾੜਾ ਸ਼੍ਰੋਮਣੀ ਭਗਤ ਧੰਨਾ ਜੀ ਦੇ ਜਨਮਦਿਨ ਦੀ ਖੁਸ਼ੀ ਅਤੇ ਸੰਗਰਾਂਦ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ, ਪਿੰਡ ਪੰਡਵਾ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਦੀ ਅਗਵਾਈ ਹੇਠ ਮਨਾਇਆ ਗਿਆ। ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਰਾਹੀਂ ਨਿਹਾਲ ਕੀਤਾ।ਸਮਾਗਮ ਵਿਚ ਖਟ ਦਰਸ਼ਨ,ਨਿਰਮਲ ਭੇਖ ਦੇ ਸੰਤਾਂ ਮਹਾਪੁਰਖਾਂ ਸੰਤ ਰਾਜਰਿਸ਼ੀ ਨਵਾਸ਼ਹਿਰ,ਸੰਤ ਪਰਜੀਤ ਕੌਰ ਲੁਧਿਆਣੇ ਵਾਲੇ,ਜਥੇਦਾਰ ਗੁਰਨਾਮ ਸਿੰਘ ਬੰਗਿਆ,ਸੁਆਮੀ ਪੂਰਨਾ ਨੰਦ ਸਮੇਤ ਵੱਡੀ ਗਿਣਤੀ ਚ ਸੰਤਾਂ ਮਹਾਪੁਰਖਾ ਨੇ ਸ਼ਿਰਕਤ ਕੀਤੀ ਤੇ ਸੰਗਤਾਂ ਨਾਲ ਕਥਾ ਵਿਚਾਰਾ ਦੀ ਸਾਂਝ ਪਾਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਭਗਤ ਧੰਨਾ ਜੀ ਦੇ ਜੀਵਨ ਅਤੇ ਉਪਦੇਸ਼ਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ।ਸ੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਦਸਿਆ ਕਿ ਸ਼੍ਰੋਮਣੀ ਭਗਤ ਧੰਨਾ ਜੀ ਨੂੰ ਭਗਤੀ ਲਹਿਰ ਦੇ ਮਹਾਨ ਸੰਤਾਂ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਭਗਤ ਧੰਨਾ ਜੀ ਦਾ ਜਨਮ ਰਾਜਸਥਾਨ ਦੇ ਟੋਂਕ ਇਲਾਕੇ ਵਿੱਚ ਇਕ ਕਿਸਾਨ ਪਰਿਵਾਰ ਵਿੱਚ ਹੋਇਆ ਮੰਨਿਆ ਜਾਂਦਾ ਹੈ। ਉਹ ਬਚਪਨ ਤੋਂ ਹੀ ਪ੍ਰਭੂ ਭਗਤੀ ਅਤੇ ਸਾਦਗੀ ਭਰੇ ਜੀਵਨ ਵੱਲ ਰੁਝਾਨ ਰੱਖਦੇ ਸਨ। ਭਗਤ ਧੰਨਾ ਜੀ ਨੇ ਲੋਕਾਂ ਨੂੰ ਦਿਖਾਵੇ ਤੋਂ ਦੂਰ ਰਹਿ ਕੇ ਸੱਚੇ ਦਿਲ ਨਾਲ ਪਰਮਾਤਮਾ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ। ਉਹ ਮੰਨਦੇ ਸਨ ਕਿ ਪ੍ਰਭੂ ਦੀ ਪ੍ਰਾਪਤੀ ਲਈ ਵੱਡੇ ਕਰਮਕਾਂਡਾਂ ਦੀ ਨਹੀਂ, ਸਗੋਂ ਸੱਚੀ ਸ਼ਰਧਾ ਅਤੇ ਨਿਰਮਲ ਮਨ ਦੀ ਲੋੜ ਹੈ। ਉਨ੍ਹਾਂ ਦੀ ਬਾਣੀ ਵਿਚ ਮਨੁੱਖਤਾ, ਸੇਵਾ, ਨਿਮਰਤਾ ਅਤੇ ਪ੍ਰਭੂ ਪ੍ਰੇਮ ਦਾ ਸੰਦੇਸ਼ ਮਿਲਦਾ ਹੈ।ਉਪਰੰਤ ਸ੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਜੇਠ ਮਹੀਨੇ ਦੀ ਸੰਗਰਾਂਦ ਦੀ ਵਿਆਖਿਆ ਕਰਦਿਆਂ ਸੰਗਤਾਂ ਨੂੰ ਗੁਰੁ ਵਾਲੇ ਬਣਨ ਅਮ੍ਰਿਤ ਛੱਕਣ ਲਈ ਪੇ੍ਰਰਿਤ ਕੀਤਾ। ਆਏ ਹੋਏ ਕੀਰਤਨੀ ਜਥਿਆਂ ਸੰਤਾਂ ਮਹਾਪੁਰਖਾਂ ਨੂੰ ਗੁਰੁ ਘਰ ਦੀ ਬਖਸ਼ਿਸ ਸਿਰਪਾੳ ਨਾਲ ਨਵਾਜਿਆ ਗਿਆ।ਸਟੇਜ ਦੀ ਸੇਵਾ ਸੰਤ ਗੁਰਲਾਲ ਸਿੰਘ ਜੀ ਵਲੋਂ ਨਿਭਾਈ ਗਈ।