ਮਾਵਾਂ ਦੇ ਸਨਮਾਨ ਲਈ ਸਜੇਗਾ ਹੁਨਰਾਂ ਦਾ ਮੰਚ
ਮਾਵਾਂ ਦੇ ਸਨਮਾਨ ਲਈ ਸਜੇਗਾ ਹੁਨਰਾਂ ਦਾ ਮੰਚ – “ਮੰਮਾ'ਜ਼ ਟੈਲੈਂਟ ਹੰਟ – ਸੀਜ਼ਨ 7” ਫਗਵਾੜਾ ਵਿੱਚ ਸ਼ਾਨਦਾਰ ਸਮਾਗਮ
Publish Date: Thu, 07 May 2026 06:48 PM (IST)
Updated Date: Thu, 07 May 2026 06:50 PM (IST)

– “ਮੰਮਾ ਜ਼ ਟੈਲੈਂਟ ਹੰਟ–ਸੀਜ਼ਨ 7” ਫਗਵਾੜਾ ’ਚ 10 ਨੂੰ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮਾਂ ਦੀ ਮਮਤਾ, ਹਿੰਮਤ ਤੇ ਬੇਮਿਸਾਲ ਕਾਬਲੀਅਤ ਨੂੰ ਸਮਰਪਿਤ ਵਿਲੱਖਣ ਤੇ ਪ੍ਰੇਰਣਾਦਾਇਕ ਸਮਾਗਮ “ਮੰਮਾ ਜ਼ ਟੈਲੈਂਟ ਹੰਟ–ਸੀਜ਼ਨ 7” ਹਰ ਸਾਲ ਦੀ ਤਰਾਂ ਇਸ ਵਾਰ ਹੋਰ ਵੀ ਵੱਡੇ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ। ਕ੍ਰੀਏਟਿਵ ਐਜ ਅਕੈਡਮੀ, ਹਦਿਆਬਾਦ ਰੋਡ, ਫਗਵਾੜਾ ਵੱਲੋਂ ਕਰਵਾਇਆ ਜਾ ਰਿਹਾ, ਇਹ ਖਾਸ ਸਮਾਗਮ 10 ਮਈ 2026 (ਐਤਵਾਰ) ਸਵੇਰੇ 9:00 ਵਜੇ ਤੋਂ ਪਿਰਾਮਿਡ ਕਾਲਜ, ਜੀਟੀ ਰੋਡ, ਫਗਵਾੜਾ ਵਿਖੇ ਹੋਵੇਗਾ। ਅਕੈਡਮੀ ਦੇ ਡਾਇਰੈਕਟਰ ਆਸ਼ੀਸ਼ ਗਾਂਧੀ ਤੇ ਦੀਕਸ਼ਾ ਗਾਂਧੀ ਨੇ ਦੱਸਿਆ ਕਿ ਸਮਾਗਮ ਵਿਚ ਹਰ ਕਿਸੇ ਲਈ ਮੁਫ਼ਤ ਐਂਟਰੀ ਰੱਖੀ ਗਈ ਹੈ, ਤਾਂ ਜੋ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਇਸ ਪ੍ਰੇਰਕ ਉਪਰਾਲੇ ਦਾ ਹਿੱਸਾ ਬਣ ਸਕਣ। ਇਸ ਸ਼ਾਨਦਾਰ ਸਮਾਗਮ ਵਿਚ ਮਸ਼ਹੂਰ ਅਦਾਕਾਰਾ ਜਤਿੰਦਰ ਕੌਰ ਮੁੱਖ ਮਹਿਮਾਨ ਵਜੋਂ ਆਪਣੀ ਹਾਜ਼ਰੀ ਨਾਲ ਰੌਣਕ ਵਧਾਉਣਗੇ। ਸਮਾਗਮ ਦੀਆਂ ਕਈ ਮਾਣਯੋਗ ਹਸਤੀਆਂ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੀਆਂ, ਜਿਨ੍ਹਾਂ ਵਿਚ ਰਾਮ ਪਾਲ ਉੱਪਲ (ਮੇਅਰ, ਫਗਵਾੜਾ), ਅਨੀਤਾ ਸੋਮ ਪ੍ਰਕਾਸ਼ (ਸਮਾਜ ਸੇਵਿਕਾ), ਡਾ. ਸੁਸ਼ਮਾ ਚਾਵਲਾ, ਤ੍ਰਿਪਤਾ ਸੇਠੀ, ਡਾ. ਵਨੀਤ ਕੁਮਾਰ ਠਾਕੁਰ (ਡਾਇਰੈਕਟਰ, ਸੀਟੀ ਯੂਨੀਵਰਸਿਟੀ) ਅਤੇ ਡਾ. ਵਿਵੇਕ ਮਿੱਤਲ (ਡਾਇਰੈਕਟਰ, ਪਿਰਾਮਿਡ ਕਾਲਜ) ਸ਼ਾਮਲ ਹਨ। ਇਸ ਤੋਂ ਇਲਾਵਾ ਗਾਇਕ ਆਤੀਸ਼, ਪਾਲ ਸਿੰਘ ਤੇ ਅਦਾਕਾਰ ਰਮਨਦੀਪ ਸਿੰਘ ਨਾਲ ਅਦਾਕਾਰਾ ਸ਼ਵੇਤਾ ਵੀ ਆਪਣੀ ਖਾਸ ਹਾਜ਼ਰੀ ਨਾਲ ਸਮਾਗਮ ਨੂੰ ਹੋਰ ਰੰਗਤ ਦੇਣਗੇ। ਸਮਾਗਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੋਵੇਗੀ ਕਿ ਵੱਖ-ਵੱਖ ਉਮਰ ਵਰਗ ਦੀਆਂ ਮਾਵਾਂ ਅਤੇ ਹੋਰ ਭਾਗੀਦਾਰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਵੱਖ ਵੱਖ ਡਾਂਸ ਪੇਸ਼ਕਾਰੀਆਂ, ਗਾਇਕੀ, ਨਾਟਕ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਮੰਚ ’ਤੇ ਰੰਗਾਂ ਭਰਿਆ ਮਨਮੋਹਕ ਮਾਹੌਲ ਬਣੇਗਾ। ਇਸ ਦੇ ਨਾਲ ਹੀ ਆਕਰਸ਼ਕ ਇਨਾਮ, ਮਨੋਰੰਜਕ ਪੇਸ਼ਕਾਰੀਆਂ ਤੇ ਸਿਤਾਰਿਆਂ ਦੀ ਹਾਜ਼ਰੀ ਸਮਾਗਮ ਨੂੰ ਯਾਦਗਾਰ ਬਣਾਏਗੀ। ਇਸ ਸਮਾਗਮ ਦਾ ਮੁੱਖ ਮਕਸਦ ਸਮਾਜ ਵਿਚ ਮਾਵਾਂ ਦੀ ਅਹਿਮ ਭੂਮਿਕਾ, ਉਨ੍ਹਾਂ ਦੇ ਲੁਕੇ ਹੋਏ ਹੁਨਰ ਤੇ ਬੇਮੁੱਲੇ ਯੋਗਦਾਨ ਨੂੰ ਇਕ ਮਜ਼ਬੂਤ ਮੰਚ ਦੇਣਾ ਹੈ, ਤਾਂ ਜੋ ਉਹ ਆਪਣੀ ਪਹਿਚਾਣ ਨੂੰ ਨਵੀਆਂ ਬੁਲੰਦੀਆਂ ਤੱਕ ਲੈ ਜਾ ਸਕਣ। ਇਸ ਸਮਾਗਮ ਨੂੰ ਕਾਮਯਾਬ ਬਣਾਉਣ ਵਿਚ ਸਿਟੀ ਗਰੁੱਪ ਆਫ ਇੰਸਟੀਚਿਊਸ਼ਨਜ਼, ਸਵੱਛਤਾ ਅਭਿਆਨ ਸੋਸਾਇਟੀ (ਫਗਵਾੜਾ), ਡਿਵਾਈਨ ਏਂਜਲ ਸੋਸਾਇਟੀ (ਫਗਵਾੜਾ), ਸਟੂਡੀਓ 7, ਨਿਰੂਪਮ ਕਾਸਮੈਟਿਕ, ਪਿਰਾਮਿਡ ਕਾਲਜ ਫਗਵਾੜਾ, ਪਵਨ ਇਲੈਕਟ੍ਰੋਨਿਕਸ ਤੇ ਬਲਿਸ ਐਂਡ ਬਲੇਸ ਕੈਫੇ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।