ਬਜ਼ੁਰਗਾਂ ਨਾਲ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਬਜ਼ੁਰਗਾਂ ਨਾਲ ਲੁੱਟ ਖੋਹ ਕਰਨ ਵਾਲੇ ਇੱਕ ਲੁਟੇਰੇ ਗਿਰੋਹ ਦਾ ਪਰਦਾਫਾਸ਼
Publish Date: Sat, 04 Apr 2026 09:13 PM (IST)
Updated Date: Sat, 04 Apr 2026 09:16 PM (IST)

--ਨਾਬਾਲਗ ਸਮੇਤ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਸ਼ਹਿਰ ਵਿਚ ਬਜ਼ੁਰਗਾਂ ਨਾਲ ਲੁੱਟ-ਖੋਹ ਕਰਨ ਵਾਲੇ ਇਕ ਲੁਟੇਰੇ ਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਨਾਬਾਲਗ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ ਚੋਰੀ ਦਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸਬ-ਡਿਵੀਜ਼ਨ ਸ਼ੀਤਲ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਹਾਲ ਹੀ ਵਿਚ ਸ਼ਹਿਰ ਵਿਚ ਤਿੰਨ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਇਕ ਸਪਲੈਂਡਰ ਮੋਟਰਸਾਈਕਲ, ਇਕ ਚੋਰੀ ਦਾ ਪਰਸ ਤੇ ਇਕ ਆਈਫੋਨ ਬਰਾਮਦ ਕੀਤਾ ਹੈ। ਡੀਐੱਸਪੀ ਸ਼ੀਤਲ ਸਿੰਘ ਨੇ ਦੱਸਿਆ ਕਿ 1 ਅਪ੍ਰੈਲ ਨੂੰ ਪੀੜਤ ਮਹਿੰਦਰ ਦਾਸ ਜੋ ਕਿ ਮੁਹੱਲਾ ਸੰਤਪੁਰਾ ਦਾ ਰਹਿਣ ਵਾਲਾ ਹੈ, ਨੇ ਸ਼ਿਕਾਇਤ ਦਰਜ ਕਰਵਾਈ। ਉਸਨੇ ਦੱਸਿਆ ਕਿ ਉਹ ਤੇ ਉਸਦੀ ਪਤਨੀ ਕਾਲਜ ਰੋਡ ਤੋਂ ਕਰਤਾਰਪੁਰ ਵੱਲ ਐਕਟਿਵਾ ਤੇ ਜਾ ਰਹੇ ਸਨ। ਜਦੋਂ ਉਹ ਐੱਸਡੀਐੱਮ ਦੀ ਕੋਠੀ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਬਾਈਕ ਤੇ ਸਵਾਰ ਦੋ ਨੌਜਵਾਨ ਆਏ ਤੇ ਉਨ੍ਹਾਂ ਦੀ ਐਕਟਿਵਾ ਰੋਕ ਲਈ। ਇਕ ਮੁਲਜ਼ਮ ਨੇ ਉਸਨੂੰ ਦਾਤਰ ਤਾਣ ਕੇ ਧਮਕੀ ਦਿੱਤੀ, ਜਦੋਂ ਕਿ ਦੂਜੇ ਨੇ ਉਸਦੀ ਕੁੜਤੇ ਦੀ ਜੇਬ ਵਿਚੋਂ ਉਸਦਾ ਬਟੂਆ ਖੋਹ ਲਿਆ। ਬਟੂਏ ਵਿਚ ਦੋ ਏਟੀਐੱਮ ਕਾਰਡ, ਇਕ ਆਧਾਰ ਕਾਰਡ, ਇਕ ਪੈਨ ਕਾਰਡ, ਹੋਰ ਦਸਤਾਵੇਜ਼ ਤੇ ਲਗਭਗ 20,000 ਰੁਪਏ ਸਨ। ਘਟਨਾ ਤੋਂ ਬਾਅਦ ਦੋਵੇਂ ਮੁਲਜਮ ਮੌਕੇ ਤੋਂ ਫ਼ਰਾਰ ਗਏ। ਸ਼ਿਕਾਇਤ ਤੋਂ ਬਾਅਦ, ਸਿਟੀ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਮੁਲਜ਼ਮਾਂ ਦੀ ਪਛਾਣ ਸੁਨੀਲ ਉਰਫ਼ ਸ਼ੰਕਰ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਮਹਿਤਾਬਗੜ੍ਹ ਤੇ ਇਕ ਨਾਬਾਲਗ ਵਜੋਂ ਹੋਈ। ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ 30 ਮਾਰਚ ਨੂੰ ਰਮਣੀਕ ਚੌਕ ਨੇੜੇ ਇਕ ਬਜ਼ੁਰਗ ਵਿਅਕਤੀ ਤੋਂ 70,000 ਰੁਪਏ ਲੁੱਟਣ ਦੀ ਗੱਲ ਵੀ ਕਬੂਲ ਕੀਤੀ। ਇਹ ਧਿਆਨ ਦੇਣ ਯੋਗ ਹੈ ਕਿ ਇਸ ਘਟਨਾ ਵਿਚ ਬਜ਼ੁਰਗ ਵਿਅਕਤੀ ਦਾ ਐਕਟਿਵਾ ਡਿੱਗ ਪਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਮੁਲਜ਼ਮਾਂ ਨੇ ਮੰਨਿਆ ਕਿ ਕੁਝ ਦਿਨ ਪਹਿਲਾਂ ਮਾਲ ਰੋਡ ਤੇ ਇਕ ਬਜ਼ੁਰਗ ਵਿਅਕਤੀ ਦੇ ਆਈਫੋਨ ਦੀ ਵੀ ਖੋਹ ਕੀਤੀ ਸੀ, ਜਿਸਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਇਸ ਮੌਕੇ ਥਾਣਾ ਸਿਟੀ ਕਪੂਰਥਲਾ ਦੇ ਐੱਸਐੱਚਓ ਅਮਨਦੀਪ ਨਾਹਰ ਵੀ ਹਾਜ਼ਰ ਸਨ।