ਆਪ ਆਗੂਆਂ ਨਗਰ ਨਿਗਮ ਕਮਿਸ਼ਨਰ ਨਾਲ ਕੀਤੀ ਮੁਲਾਕਾਤ
ਆਪ ਆਗੂਆਂ ਦਾ ਇੱਕ ਵਫ਼ਦ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਗਰ ਨਿਗਮ ਕਮਿਸ਼ਨਰ ਨੂੰ ਮਿਲਿਆ
Publish Date: Tue, 17 Mar 2026 10:02 PM (IST)
Updated Date: Tue, 17 Mar 2026 10:04 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਮ ਆਦਮੀ ਪਾਰਟੀ ਦੇ ਆਗੂਆਂ ਦੇ ਇਕ ਵਫ਼ਦ ਨੇ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਨਾਲ ਮੁਲਾਕਾਤ ਕਰਕੇ ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਦੀ ਮੰਗ ਕੀਤੀ। ਇਸ ਦੌਰਾਨ ਆਪ ਵਫ਼ਦ ਨੇ ਨਗਰ ਨਿਗਮ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਿਆ, ਜਿਸ ਵਿਚ ਉਨ੍ਹਾਂ ਨੂੰ ਸ਼ਹਿਰ ਦੀ ਸਫਾਈ ਪ੍ਰਣਾਲੀ, ਸੀਵਰੇਜ ਸਮੱਸਿਆਵਾਂ ਤੇ ਟੁੱਟੀਆਂ ਸੜਕਾਂ ਸਮੇਤ ਵੱਖ-ਵੱਖ ਮੁੱਦਿਆਂ ਤੋਂ ਜਾਣੂ ਕਰਵਾਇਆ ਗਿਆ ਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਦੀ ਮੰਗ ਕੀਤੀ। ਇਸ ਮੌਕੇ ਵਫ਼ਦ ਨੇ ਮੰਗ ਕੀਤੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸ਼ਹਿਰ ਦੇ ਸੁੰਦਰੀਕਰਨ ਲਈ ਅਲਾਟ ਕੀਤੇ ਗਏ ਫੰਡਾਂ ਦੀ ਪ੍ਰਭਾਵਸ਼ੀਲਤਾ ਨਾਲ ਵਰਤੋਂ ਕੀਤੀ ਜਾਵੇ ਤੇ ਵਸਨੀਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਮੰਗ ਪੱਤਰ ਸੌਂਪਣ ਤੋਂ ਬਾਅਦ ਆਪ ਵਫ਼ਦ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਾਫ਼-ਸੁਥਰਾ ਤੇ ਇਮਾਨਦਾਰ ਪ੍ਰਸ਼ਾਸਨ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਪ ਵਫ਼ਦ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਤੇ ਵਸਨੀਕਾਂ ਲਈ ਸਾਫ਼-ਸੁਥਰਾ ਵਾਤਾਵਰਣ ਪ੍ਰਦਾਨ ਕਰਨ ਦੀ ਅਪੀਲ ਕੀਤੀ। ਇਸ ਵਫ਼ਦ ਵਿਚ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਉਪ ਪ੍ਰਧਾਨ ਵਿਕਾਸ ਮੋਮੀ, ਜ਼ਿਲ੍ਹਾ ਸੰਗਠਨ ਇੰਚਾਰਜ ਹੇਨੰਤ ਕੁਮਾਰ, ਅਸ਼ਵਨੀ ਆਨੰਦ, ਨੀਰਜ ਕੁਮਾਰ, ਦੀਪਕ ਮਹਿਤਾ, ਆਕਾਸ਼ ਆਹਲੂਵਾਲੀਆ, ਸੁਰਿੰਦਰਪਾਲ ਸ਼ਿੰਦਾ, ਦੀਪਕ ਮੱਟੂ, ਜਿੰਦਰ ਧਨੀਆ, ਸਮੀਰ ਸ਼ਰਮਾ ਆਦਿ ਹਾਜ਼ਰ ਸਨ।