46ਵੀਂ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਸ਼ੁਰੂ
46ਵੀਂ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਆਰ ਸੀ ਐਫ ਕਪੂਰਥਲਾ ਵਿੱਚ ਸ਼ੁਰੂ
Publish Date: Thu, 19 Mar 2026 08:15 PM (IST)
Updated Date: Thu, 19 Mar 2026 08:19 PM (IST)

––ਪਹਿਲੇ ਮੈਚ ’ਚ ਆਰਸੀਐੱਫ ਕਪੂਰਥਲਾ ਦੀ 14–0 ਨਾਲ ਸ਼ਾਨਦਾਰ ਜਿੱਤ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ), ਕਪੂਰਥਲਾ ਵਿਚ ਅੱਜ 46ਵੀਂ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਦੀ ਸ਼ੁਰੂਆਤ ਬੜੇ ਉਤਸ਼ਾਹ ਤੇ ਖੇਡ ਭਾਵਨਾ ਨਾਲ ਕੀਤੀ ਗਈ। ਇਹ ਵੱਕਾਰੀ ਟੂਰਨਾਮੈਂਟ 19 ਮਾਰਚ ਤੋਂ 25 ਮਾਰਚ 2026 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਚੈਂਪੀਅਨਸ਼ਿਪ ਵਿਚ ਜ਼ੋਨਲ ਰੇਲਵੇ ਤੇ ਪ੍ਰੋਡਕਸ਼ਨ ਯੂਨਿਟਾਂ ਦੀਆਂ ਕੁੱਲ ਨੌਂ ਟੀਮਾਂ ਭਾਗ ਲੈ ਰਹੀਆਂ ਹਨ। ਮੁਕਾਬਲਿਆਂ ਨੂੰ ਰੋਚਕ ਬਣਾਉਣ ਲਈ ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਹੈ। ਪੂਲ-ਏ ਵਿਚ ਸੈਂਟਰਲ ਰੇਲਵੇ ਮੁੰਬਈ, ਸਾਊਥ ਈਸਟਰਨ ਰੇਲਵੇ ਕੋਲਕਾਤਾ, ਵੈਸਟਰਨ ਰੇਲਵੇ ਮੁੰਬਈ, ਨਾਰਥ ਈਸਟਰਨ ਰੇਲਵੇ ਗੋਰਖਪੁਰ ਤੇ ਈਸਟ ਸੈਂਟਰਲ ਰੇਲਵੇ ਹਾਜ਼ੀਪੁਰ ਸ਼ਾਮਲ ਹਨ। ਪੂਲ-ਬੀ ਵਿਚ ਮੇਜ਼ਬਾਨ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਨਾਲ ਨਾਰਥ ਸੈਂਟਰਲ ਰੇਲਵੇ ਪ੍ਰਯਾਗਰਾਜ, ਨਾਰਦਰਨ ਰੇਲਵੇ ਨਵੀਂ ਦਿੱਲੀ ਤੇ ਵੈਸਟ ਸੈਂਟਰਲ ਰੇਲਵੇ ਜਬਲਪੁਰ ਦੀਆਂ ਟੀਮਾਂ ਹਨ। ਉਦਘਾਟਨ ਸਮਾਰੋਹ ਵਿਚ ਉੱਚ ਰੇਲਵੇ ਅਧਿਕਾਰੀਆਂ, ਖੇਡ ਪ੍ਰੇਮੀਆਂ ਤੇ ਵੱਡੀ ਗਿਣਤੀ ਵਿਚ ਦਰਸ਼ਕ ਮੌਜੂਦ ਸਨ। ਇਸ ਚੈਂਪੀਅਨਸ਼ਿਪ ਵਿਚ ਕਈ ਓਲੰਪਿਕ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਮਹਿਲਾ ਹਾਕੀ ਖਿਡਾਰਨ ਭਾਗ ਲੈ ਰਹੀਆਂ ਹਨ, ਜਿਸ ਨਾਲ ਮੁਕਾਬਲੇ ਦਾ ਦਰਜਾ ਕਾਫੀ ਉੱਚਾ ਹੋ ਗਿਆ ਹੈ। ਪਹਿਲੇ ਦਿਨ ਚਾਰ ਰੋਮਾਂਚਕ ਮੁਕਾਬਲੇ ਖੇਡੇ ਗਏ। ਪਹਿਲੇ ਮੈਚ ਵਿਚ ਪਿਛਲੇ ਸਾਲ ਦੀ ਜੇਤੂ ਸੈਂਟਰਲ ਰੇਲਵੇ ਮੁੰਬਈ ਨੇ ਵੈਸਟਰਨ ਰੇਲਵੇ ਨੂੰ 5-2 ਨਾਲ ਹਰਾਇਆ। ਦੂਜੇ ਮੈਚ ਵਿਚ ਸਾਊਥ ਈਸਟਰਨ ਰੇਲਵੇ ਕੋਲਕਾਤਾ ਨੇ ਨਾਰਥ ਈਸਟਰਨ ਰੇਲਵੇ ਗੋਰਖਪੁਰ ਨੂੰ 3-2 ਨਾਲ ਹਰਾਇਆ। ਤੀਜੇ ਮੈਚ ਵਿਚ ਨਾਰਦਰਨ ਰੇਲਵੇ ਨਵੀਂ ਦਿੱਲੀ ਨੇ ਨਾਰਥ ਸੈਂਟਰਲ ਰੇਲਵੇ ਪ੍ਰਯਾਗਰਾਜ ਨੂੰ 3-0 ਨਾਲ ਹਰਾਇਆ। ਚੌਥੇ ਮੈਚ ਵਿਚ ਮੇਜ਼ਬਾਨ ਤੇ ਪਿਛਲੇ ਸਾਲ ਦੀ ਰਨਰਅੱਪ ਆਰਸੀਐੱਫ ਕਪੂਰਥਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੈਸਟ ਸੈਂਟਰਲ ਰੇਲਵੇ ਜਬਲਪੁਰ ਨੂੰ 14-0 ਨਾਲ ਕਰਾਰੀ ਮਾਤ ਦਿੱਤੀ। ਆਰਸੀਐੱਫ ਨੇ 10 ਫੀਲਡ ਗੋਲ ਕੀਤੇ ਤੇ 4 ਪੈਨਲਟੀ ਕਾਰਨਰਾਂ ਨੂੰ ਸਫਲਤਾਪੂਰਵਕ ਗੋਲ ਵਿਚ ਬਦਲਿਆ। ਟੀਮ ਨੇ ਚਾਰਾਂ ਕੁਆਰਟਰਾਂ ਵਿਚ ਹਮਲਾਵਰ ਖੇਡ ਦਿਖਾਈ। ਆਰਸੀਐੱਫ ਵੱਲੋਂ ਅੰਨੂ ਤੇ ਕਾਜਲ ਨੇ 3–3 ਗੋਲ ਕਰਕੇ ਜਿੱਤ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਅੰਨੂ ਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ‘ਪਲੇਅਰ ਆਫ ਦਿ ਮੈਚ’ ਘੋਸ਼ਿਤ ਕੀਤਾ ਗਿਆ। ਮੁਕਾਬਲੇ ਆਉਣ ਵਾਲੇ ਦਿਨਾਂ ਵਿਚ ਜਾਰੀ ਰਹਿਣਗੇ ਤੇ 25 ਮਾਰਚ 2026 ਨੂੰ ਆਰਸੀਐੱਫ ਕਪੂਰਥਲਾ ਦੇ ਸਿੰਥੈਟਿਕ ਟਰਫ ਹਾਕੀ ਸਟੇਡੀਅਮ ਵਿਚ ਫਾਈਨਲ ਮੈਚ ਖੇਡਿਆ ਜਾਵੇਗਾ।