ਪਵਿੱਤਰ ਵੇਈਂ ਦੀ ਸਾਂਭ-ਸੰਭਾਲ ਦੀ 40 ਪਿੰਡਾਂ ਨੇ ਚੁੱਕੀ ਜੁੰਮੇਵਾਰੀ

-ਨਿਰਮਲ ਕੁਟੀਆਂ ’ਚ ਪੰਚਾਂ-ਸਰਪੰਚਾਂ ਦਾ ਇਕੱਠ, ਸੰਤ ਸੀਚੇਵਾਲ ਨੇ ‘ਪਵਿੱਤਰ ਵੇਈਂ’ ਨੂੰ ਦੱਸਿਆ ਕੁਦਰਤ ਦਾ ਤੋਹਫ਼ਾ
ਕੁਲਬੀਰ ਸਿੰਘ ਮਿੰਟੂ\ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਪਵਿੱਤਰ ਵੇਈਂ ਦੀ ਸਾਂਭ-ਸੰਭਾਲ ਦੀ ਇਲਾਕੇ ਦੇ 40 ਪਿੰਡਾਂ ਨੇ ਜ਼ਿੰਮੇਵਾਰੀ ਚੁੱਕਦਿਆ ਅਹਿਦ ਕੀਤਾ ਕਿ ਉਹ ਇਸ ਵੇਈਂ ਨੂੰ ਮੁੜ ਪਲੀਤ ਨਹੀਂ ਹੋਣ ਦੇਣਗੇ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਇਲਾਕੇ ਦੇ ਪੰਚਾਂ-ਸਰਪੰਚਾਂ ਤੇ ਹੋਰ ਮੋਹਤਬਾਰਾਂ ਦੇ ਹੋਏ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਵਿੱਤਰ ਵੇਈਂ ਕੁਦਰਤ ਦਾ ਅਨਮੋਲ ਤੋਹਫ਼ਾ ਹੈ। ਜਿਹੜਾ ਸੁਲਤਾਨਪੁਰ ਲੋਧੀ ਅਤੇ ਆਲੇ-ਦੁਆਲੇ ਦੇ ਪਿੰਡਾਂ ਨੂੰ ਬਖ਼ਸ਼ਿਸ਼ ਹੋਇਆ ਹੈ। ਇਸ ਮੌਕੇ ਹਾਜ਼ਰ 40 ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਇੱਕਜੁਟਤਾ ਨਾਲ ਇਹ ਅਹਿਦ ਕੀਤਾ ਕਿ ਉਹ ਬਾਬੇ ਨਾਨਕ ਦੇ ਚਰਨਾਂ ਦੀ ਛੋਹ ਪ੍ਰਾਪਤ ਪਵਿੱਤਰ ਵੇਈਂ ਨੂੰ ਮੁੜ ਪਲੀਤ ਨਹੀਂ ਹੋਣ ਦੇਣਗੇ।
ਯਾਦ ਰਹੇ ਕਿ ਬੀਤੇ ਦਿਨੀ ਪਵਿੱਤਰ ਵੇਈਂ ਕਿਨਾਰੇ ਕੋਈ ਚੋਰੀ ਛੁਪੇ ਕੂੜੇ ਦਾ ਢੇਰ ਲਾ ਗਿਆ ਸੀ। ਇਸ ਘਟਨਾ ਨੂੰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੜੀ ਗੰਭੀਰਤਾ ਨਾਲ ਲਿਆ ਸੀ। ਉਨ੍ਹਾਂ ਨੇ ਸੁਲਤਾਨਪੁਰ ਲੋਧੀ ਦੇ ਐਸਡੀਐਮ, ਐਕਸੀਅਨ ਪੰਜਾਬ ਪਰਦੂਸ਼ਣ ਕੰਟਰੋਲ ਬੋਰਡ, ਕਾਰਜ ਸਾਧਕ ਅਫ਼ਸਰ ਅਤੇ ਡੀਐਸਪੀ ਨੂੰ ਮੌਕੇ ‘ਤੇ ਲਿਜਾ ਕੇ ਦਿਖਾਇਆ ਸੀ ਕਿ ਕਿਵੇਂ ਲੋਕ ਬੇਖੌਫ਼ ਹੋ ਕੇ ਪਵਿੱਤਰ ਵੇਈਂ ਦੁਆਲੇ ਗੰਦਗੀ ਦੇ ਢੇਰ ਮੁੜ ਲਗਾਉਣ ਲੱਗ ਪਏ ਹਨ। ਸੰਤ ਸੀਚੇਵਾਲ ਨੇ ਕੂੜਾ ਸੁੱਟਣ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆ ਹੀ ਇਲਾਕੇ ਦੇ ਲੋਕਾਂ ਦੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਸੀ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੇਈਂ ਕਿਨਾਰੇ ਸੀਸੀਟੀਵੀ ਕੈਮਰੇ ਲਗਾਉਣ ਦਾ ਫੈਸਲਾ ਵੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪਲੀਤ ਹੋ ਚੁੱਕੀ ਨਦੀਂ ਨੂੰ ਸੰਗਤਾਂ ਨੇ ਆਪਣੇ ਹੱਥੀ ਸੇਵਾ ਕਰਕੇ 25 ਸਾਲਾਂ ਦੇ ਲੰਮੇ ਅਰਸੇ ਵਿੱਚ ਇਸ ਨੂੰ ਮੁੜ ਨਿਰਮਲ ਧਾਰਾ ਵਿੱਚ ਬਦਲ ਦਿੱਤਾ ਹੈ। ਇਸ ਕਾਰ ਸੇਵਾ ਨੇ ਪਵਿੱਤਰ ਵੇਈਂ ਨੂੰ ਮੁੜ ਦੁਨੀਆਂ ਦੇ ਨਕਸ਼ੇ ‘ਤੇ ਲੈਆਂਦਾ ਹੈ। ਇਸ ਦੀ ਚਰਚਾ ਟਾਈਮ ਮੈਗਜ਼ੀਨ ਵਿੱਚ ਹੋਣ ਉਪਰੰਤ ਇੰਗਲੈਂਡ ਦੇ ਵਿੰਡਸਰ ਕੈਸਲ ਅਤੇ ਕੋਪਨਹੈਗਨ ਵਰਗੀਆਂ ਕੌਮਾਂਤਰੀ ਕਾਨਫਰੰਸਾਂ ਵਿੱਚ ਵੀ ਹੋ ਚੁੱਕੀ ਹੈ। ਇਕੱਠ ਵਿੱਚ ਹਾਜ਼ਰ ਸਰਪੰਚਾਂ ਵਿੱਚੋਂ ਸਿੱਧਵਾ ਦੋਨਾ ਦੇ ਸਰਪੰਚ ਸੁਖਵਿੰਦਰ ਸਿੰਘ ਨੇਕੀ, ਚੱਕ ਚੇਲਾ ਦੇ ਸਰਪੰਚ ਜੋਗਾ ਸਿੰਘ, ਸੂਜੋਕਾਲੀਆ ਦੇ ਸਰਪੰਚ ਬਲਕਾਰ ਸਿੰਘ, ਜੈਨਪੁਰ ਤੋਂ ਸਰਪੰਚ ਮੇਜਰ ਸਿੰਘ, ਮੇਵਾ ਸਿੰਘ ਵਾਲਾ ਤੋਂ ਸਰਪੰਚ ਸੁਖਵਿੰਦਰ ਸਿੰਘ, ਆਹਲੀ ਕਲਾਂ ਤੋਂ ਸਰਪੰਚ ਸ਼ਮਸ਼ੇਰ ਸਿੰਘ, ਮਹੱਬਲੀਪੁਰ ਤੋਂ ਸਰਪੰਚ ਬੀਬੀ ਕਾਜਲ, ਖੈੜਾ ਦੋਨਾ ਤੋਂ ਸਰਪੰਚ ਕਮਲਜੀਤ ਸਿੰਘ ਅਤੇ ਅਲਉਦੀਪੁਰ ਤੋਂ ਸਰਪੰਚ ਸਤਨਾਮ ਸਿੰਘ ਨੇ ਇੱਕ ਸੁਰ ਹੁੰਦਿਆ ਕਿਹਾ ਕਿ ਉਹ ਬਾਬੇ ਨਾਨਕ ਦੀ ਵੇਈਂ ਦੀ ਸਾਂਭ-ਸੰਭਾਲ ਲਈ ਆਪੋ ਆਪਣੇ ਪਿੰਡਾਂ ਵਿੱਚੋਂ ਜੱਥਿਆਂ ਦੇ ਰੂਪ ਵਿੱਚ ਸੰਗਤਾਂ ਨੂੰ ਭੇਜਣਗੇ।
ਇਸ ਮੌਕੇ ਸੰਤ ਸੁਖਜੀਤ ਸਿੰਘ, ਬਾਬਾ ਸੁਰਜੀਤ ਸਿੰਘ ਸ਼ੰਟੀ, ਗੁਰਦੇਵ ਸਿੰਘ ਫੌਜੀ, ਗੱਤਕਾ ਕੋਚ ਗੁਰਵਿੰਦਰ ਕੌਰ, ਸਰੂਪਵਾਲ ਤੋਂ ਜੱਥੇਦਾਰ ਬਲਵਿੰਦਰ ਸਿੰਘ ਆਹਲੀ ਖੁਰਦ ਤੋਂ ਗੁਰਸੇਵਕ ਸਿੰਘ, ਜੈਨਪੁਰ ਤੋਂ ਸੁਖਵਿੰਦਰ ਸਿੰਘ, ਫੌਜੀ ਕਲੋਨੀ ਤੋਂ ਰਣਬੀਰ ਸਿੰਘ, ਤਰਫ ਬਹਿਬਲ ਬਹਾਦਰ ਤੋਂ ਗੁਰਮੇਲ ਸਿੰਘ, ਸ਼ੇਰਪੁਰ ਦੋਨਾ ਤੋਂ ਤੀਰਥ ਸਿੰਘ, ਪਿੰਡ ਖਾਨੇਵਾਲ ਸਿੰਘ ਹਰਹਾਲ ਸਿੰਘ ਹਰਿਜੰਦਰ ਸਿੰਘ, ਚੱਕ ਦੋਨਾ ਸਿੰਘ, ਸੁਖਜੀਤ ਲਾਲ, ਪ੍ਰੇਮਪਾਲ, ਪਿੰਡ ਨੱਥੂਚਾਹਲ ਦਵਵਿੰਦਰ ਸਿੰਘ, ਪਿੰਡ ਨੂਰਪੁਰ ਜੱਟਾਂ ਤੋਂ ਜਸਵਿੰਦਰ ਸਿੰਘ, ਠੀਕਰਵਾਲ ਤੋਂ ਦਲਜੀਤ ਸਿੰਘ, ਪਿੰਡ ਖਾਲੂ ਤੋਂ ਜਸਵੀਰ ਸਿੰਘ, ਪਿੰਡ ਸਵਾਲ ਤੋਂ ਕਿਰਨਪ੍ਰੀਤ ਕੌਰ, ਸਮੇਤ ਹੋਰਨਾਂ ਪਿੰਡਾਂ ਤੋਂ ਪੰਚ ਸਰਪੰਚ ਸਾਹਿਬਾਨ ਵੱਡੀ ਗਿਣਤੀ ’ਚ ਹਾਜ਼ਰ ਰਹੇ।