ਪਿੰਡ ਹੋਠੀਆਂ ’ਚ 22ਵਾਂ ਕ੍ਰਿਕਟ ਟੂਰਨਾਮੈਂਟ 12 ਤੋਂ
ਪਿੰਡ ਹੋਠੀਆਂ ਵਿੱਚ 22ਵਾਂ ਕ੍ਰਿਕਟ ਟੂਰਨਾਮੈਂਟ 12 ਤੋਂ
Publish Date: Fri, 10 Apr 2026 10:03 PM (IST)
Updated Date: Fri, 10 Apr 2026 10:05 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਡਾ. ਭੀਮ ਰਾਓ ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਕ੍ਰਿਕਟ ਕਲੱਬ ਪਿੰਡ ਹੋਠੀਆਂ ਜ਼ਿਲ੍ਹਾ ਕਪੂਰਥਲਾ ਵੱਲੋਂ 22ਵਾਂ ਕ੍ਰਿਕਟ ਟੂਰਨਾਮੈਂਟ 12 ਅਤੇ 13 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਨੂੰ ਸਵ. ਸੰਦੀਪ ਨੰਗਲ ਅੰਬੀਆਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਸੰਤ ਬਾਬਾ ਅਮਰੀਕ ਸਿੰਘ ਅਤੇ ਸਰਪੰਚ ਨਰਿੰਦਰ ਕੌਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਇਲਾਕੇ ਦੀਆਂ ਵੱਖ-ਵੱਖ ਟੀਮਾਂ ਹਿੱਸਾ ਲੈਣਗੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਕਾਫ਼ੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਾਹੌਰੀਏ ਬ੍ਰਦਰਜ਼ ਵੱਲੋਂ ਟੂਰਨਾਮੈਂਟ ਦੀ ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਨਕਦ ਅਤੇ ਕੱਪ ਦੇ ਕੇ ਸਨਮਾਨਿਤ ਕੀਤਾ ਜਾਵੇਗਾ, ਜਦਕਿ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 21 ਹਜ਼ਾਰ ਰੁਪਏ ਨਕਦ ਅਤੇ ਕੱਪ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੀ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਸਰਵਸ਼੍ਰੇਸ਼ਠ ਬੱਲੇਬਾਜ਼, ਸਰਵਸ਼੍ਰੇਸ਼ਠ ਗੇਂਦਬਾਜ਼ ਅਤੇ ਮੈਨ ਆਫ਼ ਦਿ ਸੀਰੀਜ਼ ਨੂੰ ਇਨਾਮ ਵਜੋਂ ਓਵਨ ਭੇਟ ਕੀਤੇ ਜਾਣਗੇ। ਟੂਰਨਾਮੈਂਟ ਦੌਰਾਨ ਆਉਣ ਵਾਲੀ ਸੰਗਤ ਲਈ ਲੰਗਰ ਦੀ ਸੇਵਾ ਸਰਦਾਰ ਲਾਭ ਸਿੰਘ ਅਤੇ ਚਰਨ ਸਿੰਘ ਦੇ ਪਰਿਵਾਰ ਵੱਲੋਂ ਨਿਭਾਈ ਜਾਵੇਗੀ। ਕਨਵੀਨਰਾਂ ਨੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਟੀਮਾਂ ਦਾ ਹੌਸਲਾ ਵਧਾਉਣ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਇਹ ਟੂਰਨਾਮੈਂਟ ਇਲਾਕੇ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ।