21 ਪੰਜਾਬ ਬਟਾਲੀਅਨ ਐੱਨਸੀਸੀ ਵੱਲੋਂ ਕੈਂਪ ਦੀ ਸ਼ੁਰੂਆਤ
21 ਪੰਜਾਬ ਬਟਾਲੀਅਨ ਐਨਸੀਸੀ ਵੱਲੋਂ ਬਿਆਸ ਵਿਖੇ 576 ਕੈਡਿਟਾਂ ਨਾਲ 10 ਦਿਨਾਂ ਇੰਟਰ ਯੂਨਿਟ ਥਲ ਸੈਨਿਕ ਕੈਂਪ ਦੀ ਸ਼ੁਰੂਆਤ
Publish Date: Sun, 31 May 2026 07:38 PM (IST)
Updated Date: Sun, 31 May 2026 07:41 PM (IST)

ਬਿਆਸ ’ਚ 576 ਕੈਡਿਟ 10 ਦਿਨਾਂ ਇੰਟਰ ਯੂਨਿਟ ਥਲ ਸੈਨਿਕ ਕੈਂਪ ’ਚ ਲੈਣਗੇ ਹਿੱਸਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਜਲੰਧਰ ਗਰੁੱਪ ਦੀ ਟੀਮ ਨੂੰ ਪ੍ਰਸਿੱਧ ਆਲ ਇੰਡੀਆ ਥਲ ਸੈਨਿਕ ਕੈਂਪ ਲਈ ਚੁਣਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਚੁੱਕਦਿਆਂ, ਜਲੰਧਰ ਗਰੁੱਪ ਮੁੱਖ ਦਫ਼ਤਰ ਦੇ ਅਧੀਨ 21 ਪੰਜਾਬ ਬਟਾਲੀਅਨ ਐੱਨਸੀਸੀ ਨੇ ਅੱਜ ਆਰਮੀ ਪਬਲਿਕ ਸਕੂਲ, ਬਿਆਸ ਵਿਖੇ 10 ਦਿਨਾਂ ਇੰਟਰ ਯੂਨਿਟ ਥਲ ਸੈਨਿਕ ਕੈਂਪ ਦੀ ਸ਼ੁਰੂਆਤ ਕੀਤੀ। ਇਸ ਕੈਂਪ ਲਈ ਜਲੰਧਰ ਗਰੁੱਪ ਦੀਆਂ ਵੱਖ-ਵੱਖ ਇਕਾਈਆਂ ਤੋਂ 576 ਸੀਨੀਅਰ ਡਿਵੀਜ਼ਨ/ਸੀਨੀਅਰ ਵਿੰਗ ਤੇ ਜੂਨੀਅਰ ਡਿਵੀਜ਼ਨ/ਜੂਨੀਅਰ ਵਿੰਗ ਐੱਨਸੀਸੀ ਕੈਡਿਟਾਂ ਨੇ ਰਿਪੋਰਟ ਕੀਤਾ ਹੈ। ਲੜਕਿਆਂ ਤੇ ਲੜਕੀਆਂ ਦੋਵਾਂ ਨੂੰ ਸ਼ਾਮਲ ਕਰਦੇ ਇਹ ਕੈਡਿਟ ਅਗਲੇ 10 ਦਿਨਾਂ ਦੌਰਾਨ ਗਹਿਰੀ ਟ੍ਰੇਨਿੰਗ ਤੇ ਚੋਣ ਪ੍ਰਕਿਰਿਆ ਵਿਚੋਂ ਲੰਘਣਗੇ। ਇਸ ਮੌਕੇ ਕੈਂਪ ਦਾ ਉਦਘਾਟਨ ਕਰਦਿਆਂ ਕਰਨਲ ਆਰਕੇ ਚੌਹਾਨ, ਕਮਾਂਡਿੰਗ ਅਫਸਰ 21 ਪੰਜਾਬ ਬਟਾਲੀਅਨ ਐੱਨਸੀਸੀ ਨੇ ਕੈਡਿਟਾਂ ਨੂੰ ਸੰਬੋਧਨ ਕੀਤਾ ਤੇ ਕੈਂਪ ਲਈ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਥਲ ਸੈਨਿਕ ਕੈਂਪ ਸਿਰਫ਼ ਇਕ ਮੁਕਾਬਲਾ ਨਹੀਂ ਹੈ, ਇਹ ਤੁਹਾਡੀ ਦ੍ਰਿੜਤਾ, ਅਨੁਸ਼ਾਸਨ ਤੇ ਟੀਮ ਵਰਕ ਦੀ ਪਰਖ ਹੈ। ਅਗਲੇ 10 ਦਿਨਾਂ ਦੌਰਾਨ ਤੁਹਾਨੂੰ ਆਪਣੀਆਂ ਸੀਮਾਵਾਂ ਤੱਕ ਚੁਣੌਤੀ ਦਿੱਤੀ ਜਾਵੇਗੀ। ਯਾਦ ਰੱਖੋ, ਤੁਸੀਂ ਇਥੇ ਕੇਵਲ ਮੁਕਾਬਲਾ ਕਰਨ ਲਈ ਨਹੀਂ, ਸਗੋਂ ਇਕ-ਦੂਜੇ ਤੋਂ ਸਿੱਖਣ ਤੇ ਐੱਨਸੀਸੀ ਤੇ ਭਾਰਤੀ ਫੌਜ ਦੀਆਂ ਸਰਵੋਤਮ ਪਰੰਪਰਾਵਾਂ ਨੂੰ ਕਾਇਮ ਰੱਖਣ ਲਈ ਆਏ ਹੋ। ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਦਿੱਲੀ ਵਿਚ ਆਪਣੇ ਡਾਇਰੈਕਟੋਰੇਟ ਦੀ ਨੁਮਾਇੰਦਗੀ ਕਰਨ ਦਾ ਮਾਣ ਪ੍ਰਾਪਤ ਹੋਵੇਗਾ। ਇਸ ਮੌਕੇ ਕਮਾਂਡਿੰਗ ਅਫਸਰ ਨੇ ਸਾਰੀਆਂ ਟ੍ਰੇਨਿੰਗ ਗਤੀਵਿਧੀਆਂ ਦੌਰਾਨ ਸੁਰੱਖਿਆ, ਖੇਡ ਭਾਵਨਾ ਤੇ ਆਪਸੀ ਸਤਿਕਾਰ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੱਤਾ। ਇਸ ਮੌਕੇ ਕੈਡਿਟਾਂ ਦਾ ਰਵਾਇਤੀ ਨਿੱਘੇ ਸਵਾਗਤ ਨਾਲ ਸਤਿਕਾਰ ਕੀਤਾ ਗਿਆ ਤੇ ਆਗਮਨ ਉਪਰੰਤ ਉਨ੍ਹਾਂ ਨੂੰ ਚਾਹ ਤੇ ਪਕੌੜੇ ਪਰੋਸੇ ਗਏ। ਪਹਿਲਾ ਦਿਨ ਸੁਚਾਰੂ ਇੰਡਕਸ਼ਨ ਲਈ ਸਮਰਪਿਤ ਰਿਹਾ, ਜਿਸ ਵਿਚ ਦਸਤਾਵੇਜ਼ੀ ਕਾਰਵਾਈ, ਮੈਡੀਕਲ ਜਾਂਚ, ਕਿਟ ਵੰਡ ਅਤੇ ਰਿਹਾਇਸ਼ ਦੀ ਅਲਾਟਮੈਂਟ ਸ਼ਾਮਲ ਸੀ। ਕੈਡਿਟਾਂ ਨੂੰ ਕੈਂਪ ਖੇਤਰ, ਟ੍ਰੇਨਿੰਗ ਢਾਂਚੇ, ਫਾਇਰਿੰਗ ਰੇਂਜ ਤੇ ਰੁਕਾਵਟ ਕੋਰਸ ਬਾਰੇ ਜਾਣੂ ਕਰਵਾਉਣ ਲਈ ਵਿਸਤ੍ਰਿਤ ਓਰੀਐਂਟੇਸ਼ਨ ਦੌਰਾ ਵੀ ਕਰਵਾਇਆ ਗਿਆ। ਇਸ ਮੌਕੇ 31 ਮਈ 2026 ਤੋਂ ਵਿਸ਼ੇਸ਼ ਟ੍ਰੇਨਿੰਗ ਦੀ ਸ਼ੁਰੂਆਤ ਹੋਵੇਗੀ, ਜਿਸ ਵਿਚ ਥਲ ਸੈਨਿਕ ਕੈਂਪ ਦੀਆਂ ਮੁੱਖ ਵਿਧਾਵਾਂ ਜਿਵੇਂ ਆਬਸਟੈਕਲ ਕੋਰਸ, ਮੈਪ ਰੀਡਿੰਗ, ਫੀਲਡ ਕਰਾਫਟ ਅਤੇ ਬੈਟਲ ਕਰਾਫਟ, ਟੈਂਟ ਪਿਚਿੰਗ, ਸਿਹਤ ਤੇ ਸਫ਼ਾਈ, ਦੂਰੀ ਦਾ ਅੰਦਾਜ਼ਾ ਲਗਾਉਣਾ ਤੇ .22 ਰਾਈਫਲ ਫਾਇਰਿੰਗ ਸ਼ਾਮਲ ਹਨ। ਇਸ ਮੌਕੇ ਵਿਅਕਤੀਗਤ ਤੇ ਟੀਮ ਪੱਧਰ ਦੀ ਯੋਗਤਾ ਦਾ ਮੁਲਾਂਕਣ ਕਰਨ ਲਈ ਅੰਤਰ-ਗਰੁੱਪ ਮੁਕਾਬਲੇ ਵੀ ਕਰਵਾਏ ਜਾਣਗੇ। ਇਹ ਕੈਂਪ ਐੱਨਸੀਸੀ ਗਰੁੱਪ ਮੁੱਖ ਦਫ਼ਤਰ ਜਲੰਧਰ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚੋਂ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਕੈਡਿਟ ਆਈਜੀਟੀਐੱਸਸੀ-2026 ਲਈ ਜਲੰਧਰ ਗਰੁੱਪ ਦੇ ਦਲ ਦਾ ਹਿੱਸਾ ਬਣਨਗੇ। 21 ਪੰਜਾਬ ਬਟਾਲੀਅਨ ਐੱਨਸੀਸੀ ਅਜਿਹੇ ਕੈਂਪਾਂ ਰਾਹੀਂ ਕੈਡਿਟਾਂ ਨੂੰ ਅਨੁਸ਼ਾਸਿਤ, ਜ਼ਿੰਮੇਵਾਰ ਤੇ ਦੇਸ਼ਭਗਤ ਨਾਗਰਿਕ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ।