ਲੜਾਈ-ਝਗੜਾ ਕਰਨ ਵਾਲੇ 2 ਨੌਜਵਾਨ ਗ੍ਰਿਫਤਾਰ
ਲੜਾਈ ਝਗੜਾ ਕਰਨ ਵਾਲੇ 2 ਨੌਜਵਾਨ ਗ੍ਰਿਫਤਾਰ
Publish Date: Mon, 27 Apr 2026 09:49 PM (IST)
Updated Date: Mon, 27 Apr 2026 09:52 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਲੜਾਈ-ਝਗੜੇ ਵਿਚ ਨਾਮਜ਼ਦ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧਰੇਂਦਰ ਵਰਮਾ ਆਈਪੀਐੱਸ ਸਹਾਇਕ ਪੁਲਿਸ ਕਪਤਾਨ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ ਵਿਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ ਆਰੀਆ ਸਮਾਜ ਚੌਕ ਵਿਚ ਮਕੈਨਿਕ ਦੀ ਦੁਕਾਨ ਵਿਚ ਵੜਕੇ ਨੌਜਵਾਨ ਦੇ ਸੱਟਾਂ ਮਾਰਨ ਵਾਲੇ 2 ਵਿਅਕਤੀ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਿਤੀ 20-04-2026 ਨੂੰ ਏਐੱਸਆਈ ਹਰੀਸ਼ ਕੁਮਾਰ ਥਾਣਾ ਸੁਲਤਾਨਪੁਰ ਲੋਧੀ ਪਾਸ ਗੋਲਡੀ ਪੁੱਤਰ ਦਿਹਾੜੂ ਪਾਸਵਾਨ ਵਾਸੀ ਮੋਤੀ ਕਲੋਨੀ ਅਦਾਲਤ ਚੱਕ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੇ ਬਿਆਨ ਦਰਜ ਕਰਾਇਆ ਕਿ ਦੁਪਿਹਰ ਨੂੰ ਉਹ ਆਪਣੀ ਦੁਕਾਨ ਵਿਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਅਮ੍ਰਿਤ, ਕਰਨ, ਸਾਹਿਲ ਉਰਫ ਨੰਨੀ, ਗੌਤਮ, ਸ਼ੰਮੀ ਉਰਫ ਸੁੱਖਾ ਸ਼ੂਟਰ ਤੇ ਇਕ ਗੌਤਮ ਦਾ ਚੇਲਾ ਮੇਤ ਦਾਤਰ ਦੁਕਾਨ ਵਿਚ ਧੱਕੇ ਨਾਲ ਵੜ ਗਏ ਤੇ ਉਸ ’ਤੇ ਜਾਨਲੇਵਾ ਹਮਲਾ ਕਰਕੇ ਉਸਦੇ ਗੰਭੀਰ ਸੱਟਾਂ ਮਾਰੀਆਂ ਤੇ ਦੁਕਾਨ ਦੀ ਭੰਨ-ਤੋੜ ਕਰਕੇ ਧਮਕੀਆਂ ਦਿੰਦੇ ਦੌੜ ਗਏ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ’ਚ ਮਾਮਲਾ ਦਰਜ ਰਜਿਸਟਰ ਕੀਤਾ ਗਿਆ। ਤਫਤੀਸ਼ ਦੌਰਾਨ ਵਾਰਦਾਤ ਕਰਨ ਵਾਲੇ 2 ਵਿਅਕਤੀ ਸੁਖਪਾਲ ਸਿੰਘ ਉਰਫ ਸ਼ੰਮੀ ਉਰਫ ਸੁੱਖਾ ਸ਼ੂਟਰ ਪੁੱਤਰ ਰੇਸ਼ਮ ਪਾਲ ਉਰਫ ਫੌਜੀ ਉਰਫ ਫੌਜਾ ਵਾਸੀ ਸੈਟਰਲ ਟਾਊਨ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਤੇ ਸਾਹਿਲ ਉਰਫ ਨੰਨੀ ਪੁੱਤਰ ਕੁਲਵੰਤ ਸਿੰਘ ਉਰਫ ਸ਼ਿੰਦਰ ਵਾਸੀ ਪਿੰਡ ਅੱਲੂਵਾਲ ਥਾਣਾ ਕਬੀਰਪੁਰ ਜ਼ਿਲ੍ਹਾ ਕਪੂਰਥਲਾ ਹਾਲ ਵਾਸੀ ਪੰਡੋਰੀ ਮੁਹੱਲਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਬਾਕੀ ਸਾਥੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।