ਠੇਕੇਦਾਰ ਦੀ ਲਾਪਰਵਾਹੀ ਕਾਰਨ ਫਗਵਾੜਾ ਦੀਆਂ ਮੰਡੀਆਂ ਵਿੱਚ 10 ਲੱਖ ਬੋਰੀਆਂ ਕਣਕ ਰੁਲ ਰਹੀ ਹੈ : ਨਰੇਸ਼ ਭਾਰਦਵਾਜ

ਵਿਜੇ ਸੋਨੀ, ਪੰਜਾਬੀ ਜਾਗਰਣ
ਫਗਵਾੜਾ : ਆੜ੍ਹਤੀ ਐਸੋਸੀਏਸ਼ਨ ਫਗਵਾੜਾ ਵੱਲੋਂ ਮੁੱਖ ਅਨਾਜ ਮੰਡੀ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਬਣੀ ਐਮਰਜੈਂਸੀ ਸਥਿਤੀ ਨੂੰ ਲੈ ਕੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਮੰਗ ਪੱਤਰ ਤਹਿਸੀਲਦਾਰ ਫਗਵਾੜਾ ਨੂੰ ਸੌਂਪਿਆ ਗਿਆ। ਇਸ ਦੇ ਨਾਲ ਹੀ ਮੰਗ ਪੱਤਰ ਦੀ ਇੱਕ ਪ੍ਰਤੀ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਨੂੰ ਭੇਜ ਕੇ ਤੁਰੰਤ ਲਿਫਟਿੰਗ ਦਾ ਕੰਮ ਸੁਚਾਰੂ ਬਣਾਉਣ ਦੀ ਮੰਗ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਰਬੀ ਸੀਜ਼ਨ 2026-27 ਦੌਰਾਨ ਸਰਕਾਰੀ ਏਜੰਸੀਆਂ ਵੱਲੋਂ ਕਣਕ ਦੀ ਖ਼ਰੀਦ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਕਿਸਾਨਾਂ ਨੂੰ ਭੁਗਤਾਨ ਵੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਰਿਹਾ ਹੈ। ਇਸ ਦੇ ਬਾਵਜੂਦ ਮੰਡੀਆਂ ਵਿੱਚੋਂ ਖ਼ਰੀਦੇ ਗਏ ਕਣਕ ਚੁੱਕਣ ਦਾ ਕੰਮ ਬਹੁਤ ਹੀ ਹੌਲੀ ਚਲ ਰਿਹਾ ਹੈ। ਇਸ ਸਮੇਂ ਫਗਵਾੜਾ ਮਾਰਕੀਟ ਕਮੇਟੀ ਨਾਲ ਸਬੰਧਿਤ ਮੰਡੀਆਂ ਵਿੱਚ ਲਗਭਗ 60 ਫ਼ੀਸਦੀ, ਕਰੀਬ 10 ਲੱਖ ਬੋਰੀਆਂ ਕਣਕ ਅਜੇ ਵੀ ਪਈਆਂ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਫਸਲ ਦੀ ਢੁਆਈ ਦਾ ਟੈਂਡਰ ਲੈਣ ਵਾਲੇ ਠੇਕੇਦਾਰਾਂ ਕੋਲ ਟਰੱਕ ਅਤੇ ਮਜ਼ਦੂਰਾਂ ਦੀ ਵਿਵਸਥਾ ਨਹੀਂ ਹੈ, ਜਿਸ ਕਰ ਕੇ ਰਫ਼ਤਾਰ ਬਹੁਤ ਹੌਲੀ ਹੈ। ਮੌਜੂਦਾ ਹਾਲਾਤਾਂ ਅਨੁਸਾਰ ਅਗਲੇ 15 ਦਿਨਾਂ ਵਿੱਚ ਵੀ ਲਿਫਟਿੰਗ ਪੂਰੀ ਹੋਣ ਦੀ ਸੰਭਾਵਨਾ ਨਹੀਂ ਹੈ। ਮੌਸਮ ਖ਼ਰਾਬ ਹੋਣ ਦੀ ਸਥਿਤੀ ਵਿੱਚ ਭਰੀਆਂ ਬੋਰੀਆਂ ਦੇ ਖਰਾਬ ਹੋਣ ਦਾ ਖਤਰਾ ਵੀ ਵੱਧ ਗਿਆ ਹੈ। ਐਸੋਸੀਏਸ਼ਨ ਨੇ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਲਗਭਗ ਖਤਮ ਹੋ ਚੁੱਕੀ ਹੈ, ਪਰ ਲਿਫਟਿੰਗ ਨਾ ਹੋਣ ਕਾਰਨ ਮਜ਼ਦੂਰ ਮੰਡੀਆਂ ਵਿੱਚ ਹੀ ਫਸੇ ਹੋਏ ਹਨ। ਮਜ਼ਦੂਰਾਂ ਦੀ ਕਮਾਈ ਰੁਕ ਗਈ ਹੈ ਅਤੇ ਉਹ ਆਪਣੇ ਪਿੰਡ ਵਾਪਸ ਜਾਣਾ ਚਾਹੁੰਦੇ ਹਨ, ਪਰ ਕਣਕ ਦੀ ਚੁਕਾਈ ਨਾ ਹੋਣ ਕਰ ਕੇ ਉਨ੍ਹਾਂ ਨੂੰ ਰੁਕਣਾ ਪੈ ਰਿਹਾ ਹੈ। ਮੰਗ ਪੱਤਰ ਵਿੱਚ ਰੇਲਵੇ ਨਾਲ ਜੁੜੇ ਮਾਮਲੇ ’ਤੇ ਵੀ ਚਿੰਤਾ ਜਤਾਈ ਗਈ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪਹਿਲਾਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਕਣਕ ਦੀ ਢੁਆਈ ਲਈ ਰੇਲਵੇ ਰੈਕ ਉਪਲਬਧ ਕਰਵਾਏ ਜਾਣਗੇ, ਪਰ ਹਾਲ ਹੀ ਵਿੱਚ ਫਗਵਾੜਾ ਵਿੱਚ ਲੱਗੇ ਦੋ ਰੇਲ ਰੈਕਾਂ ਵਿੱਚ ਕਣਕ ਦੀ ਥਾਂ ਚੌਲ ਲੋਡ ਕਰਕੇ ਭੇਜੇ ਗਏ। ਭਾਰਦਵਾਜ ਨੇ ਦੋਸ਼ ਲਗਾਇਆ ਕਿ ਸ਼ੈੱਲਰਾਂ ਅਤੇ ਰੇਲਵੇ ਵਿਭਾਗ ਦੀ ਮਿਲੀਭਗਤ ਨਾਲ ਕਣਕ ਦੀ ਥਾਂ ਚੌਲ ਦੀ ਢੁਆਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਆੜ੍ਹਤੀ ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਰੇਲਵੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਕਣਕ ਦੀ ਢੁਆਈ ਲਈ ਤਰਜੀਹ ਦੇ ਆਧਾਰ ’ਤੇ 7-8 ਰੇਲ ਰੈਕ ਮਨਜ਼ੂਰ ਕਰਵਾਏ ਜਾਣ ਅਤੇ ਜਲਦੀ ਤੋਂ ਜਲਦੀ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਪੂਰੀ ਕਰਵਾਈ ਜਾਵੇ, ਤਾਂ ਜੋ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਆੜ੍ਹਤੀ ਪਰਵੇਸ਼ ਗੁਪਤਾ, ਵਿਨਿਸ਼ ਸੂਦ, ਪ੍ਰਭੋਧ ਦੁੱਗਲ, ਰਾਜੀਵ ਅਗਰਵਾਲ, ਅਸ਼ਵਨੀ ਕੁਮਾਰ, ਅਰੁਣ ਕਲੂਚਾ, ਪਰਵੀਨ ਸ਼ੁਕਲਾ ਸੋਨੂ, ਸ਼ੇਖਰ ਸ਼ਰਮਾ, ਰਿਤਿਕ ਕੁਕਰੇਜਾ, ਅੰਕਿਤ ਗੁਪਤਾ ਆਦਿ ਹਾਜ਼ਰ ਸਨ।