ਗੁਰਬਾਣੀ ਕੰਠ ਮੁਕਾਬਲਿਆਂ ਦੇ ਜੇਤੂ 10 ਬੱਚੇ ਸਨਮਾਨਿਤ
10 ਬੱਚਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਟੇਟ ਗੁਰਦੁਆਰਾ ਸਾਹਿਬ ਵਿਖੇ ਸਨਮਾਨਿਤ ਕੀਤਾ
Publish Date: Sun, 19 Apr 2026 08:56 PM (IST)
Updated Date: Sun, 19 Apr 2026 08:57 PM (IST)
- ਬੱਚਿਆਂ ਨੂੰ ਧਾਰਮਿਕ ਗੁਣਾਂ ਦੀ ਸਿੱਖਿਆ ਦੇਣਾ ਅਜੋਕੇ ਸਮੇਂ ਦੀ ਮੁੱਖ ਲੋੜ : ਭਾਈ ਸਤਨਾਮ ਸਿੰਘ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਅਤੇ ਭਾਈ ਸਤਨਾਮ ਸਿੰਘ ਹੈੱਡ ਗ੍ਰੰਥੀ ਦੇ ਉਪਰਾਲਿਆਂ ਨਾਲ ਕਰਵਾਏ ਗਏ ਵੱਖ-ਵੱਖ ਗੁਰਬਾਣੀ ਕੰਠ ਮੁਕਾਬਲਿਆਂ ਵਿਚੋਂ ਚੰਗੇਰੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਭਾਈ ਮੋਹਕਮ ਸਿੰਘ, ਇੰਚਾਰਜ ਭਾਈ ਕੁਲਵਿੰਦਰ ਸਿੰਘ, ਸੁਖਵਿੰਦਰ ਮੋਹਨ ਭਾਟੀਆ ਅਤੇ ਬੀਬੀ ਦਵਿੰਦਰ ਕੌਰ ਸਾਹਨੀ ਨੇ ਸਨਮਾਨ ਚਿੰਨ੍ਹ ਅਤੇ ਨਕਦ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਸਤਨਾਮ ਸਿੰਘ ਹੈੱਡ ਗ੍ਰੰਥੀ ਨੇ ਕਿਹਾ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਧਾਰਮਿਕ ਗੁਣਾਂ ਦੇ ਧਾਰਨੀ ਵੀ ਬਣਾਉਣ ਤਾਂ ਕਿ ਉਨ੍ਹਾਂ ਦਾ ਬੱਚਾ ਗੁਰੂ ਪਾਤਸ਼ਾਹਾਂ, ਮਹਾਪੁਰਸ਼ਾਂ, ਸਿੰਘ-ਸਿੰਘਣੀਆਂ ਦੇ ਜੀਵਨ ਅਤੇ ਉਪਦੇਸ਼ਾਂ ਤੋਂ ਪ੍ਰੇਰਨਾ ਲੈ ਕੇ ਸਾਰਥਿਕ ਜੀਵਨ ਜਿਊਣ ਦੀ ਸਿੱਖਿਆ ਪ੍ਰਾਪਤ ਜ਼ਰੂਰ ਕਰੇ। ਭਾਈ ਮੋਹਕਮ ਸਿੰਘ ਅਤੇ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਵੀ ਬੱਚਿਆਂ ਨੂੰ ਬੇਲੋੜੀ ਸੋਸ਼ਲ ਮੀਡੀਆ ਤੋਂ ਵਰਜਿਤ ਹੋ ਕੇ ਗੁਰਬਾਣੀ-ਸਿਮਰਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦਸੰਬਰ ਮਹੀਨੇ ਕਰਵਾਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਸਬੰਧੀ ਰੂਪ ਰੇਖਾ ਵੀ ਦੱਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ, ਗੁਰਸ਼ਰਨ ਸਿੰਘ, ਭਾਈ ਹਰਜੀਤ ਸਿੰਘ ਭਾਟੀਆ, ਉਪਿੰਦਰ ਸਿੰਘ, ਜਸਕਰਨ ਸਿੰਘ, ਐਡਵੋਕੇਟ ਪਰਮਜੀਤ ਸਿੰਘ ਸੇਖੂਪੁਰ, ਸਾਹਿਬ ਸਿੰਘ, ਪਰਮਜੀਤ ਸਿੰਘ, ਧੰਨਪ੍ਰੀਤ ਸਿੰਘ ਭਾਟੀਆ, ਸੁਖਜੀਤ ਸਿੰਘ ਬਾਂਸਲ, ਜਸਬੀਰ ਸਿੰਘ ਆਨੰਦ, ਭਾਈ ਚਰਨਜੀਤ ਸਿੰਘ ਵਾਲੀਆ ਅਤੇ ਸਮੂਹ ਸੰਗਤਾਂ ਹਾਜ਼ਰ ਸਨ।