ਗਰੀਬ ਪਰਿਵਾਰ ਦੀਆਂ 5 ਬਕਰੀਆਂ ਚੋਰੀ, ਡੇਢ ਲੱਖ ਦਾ ਨੁਕਸਾਨ
ਸੰਵਾਦ ਸਹਿਯੋਗੀ, ਜਾਗਰਣ, ਕਪੂਰਥਲਾ
Publish Date: Sun, 05 Apr 2026 10:31 PM (IST)
Updated Date: Mon, 06 Apr 2026 04:14 AM (IST)

ਸੰਵਾਦ ਸਹਿਯੋਗੀ, ਜਾਗਰਣ, ਕਪੂਰਥਲਾ ਪਿੰਡ ਦਿਆਲਪੁਰ |ਚ ਇਕ ਗਰੀਬ ਪਰਿਵਾਰ ਦੇ ਘਰੋਂ ਚੋਰਾਂ ਵੱਲੋਂ ਬੱਕਰੀਆਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਪਰਿਵਾਰ ਨੂੰ ਲੱਗਭਗ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤ ਪਰਿਵਾਰ ਦੀ ਰੋਜ਼ੀ-ਰੋਟੀ ਦਾ ਮੁੱਖ ਸਾਧਨ ਇਹ ਬੱਕਰੀਆਂ ਹੀ ਸਨ। ਜਾਣਕਾਰੀ ਦਿੰਦੇ ਹੋਏ ਤਿਲਕ ਰਾਜ, ਜੋ ਕਿ ਅਮਰਨਾਥ ਦਾ ਪੁੱਤਰ ਹੈ ਤੇ ਦਿਆਲਪੁਰ ਦਾ ਨਿਵਾਸੀ ਹੈ, ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰ ’ਚ ਲੱਗਭਗ 20 ਬਕਰੀਆਂ ਪਾਲੀਆਂ ਹੋਈਆਂ ਸਨ, ਜਿਨ੍ਹਾਂ ਨਾਲ ਉਨ੍ਹਾਂ ਦਾ ਪਰਿਵਾਰ ਪਾਲਣ ਪੋਸ਼ਣ ਕਰਦਾ ਸੀ। ਪਿਛਲੇ ਤਿੰਨ-ਚਾਰ ਦਿਨ ਪਹਿਲਾਂ ਰਾਤ ਨੂੰ ਉਹ ਆਪਣੇ ਪਰਿਵਾਰ ਨਾਲ ਖਾਣਾ ਖਾ ਕੇ ਸੌ ਗਏ ਸਨ। ਅੱਧੀ ਰਾਤ ਨੂੰ ਕੁਝ ਆਹਟ ਸੁਣ ਕੇ ਉਨ੍ਹਾਂ ਦੀ ਨੀਂਦ ਖੁੱਲ੍ਹ ਗਈ, ਜਦੋਂ ਉਨ੍ਹਾਂ ਬਾਹਰ ਜਾ ਕੇ ਵੇਖਿਆ ਤਾਂ ਘਰ ਤੋਂ ਕੁੱਝ ਬਕਰੀਆਂ ਗਾਇਬ ਸਨ ਤੇ ਕੁਝ ਖੁੱਲ੍ਹੀਆਂ ਘੁੰਮ ਰਹੀਆਂ ਸਨ। ਇਸ ਦੌਰਾਨ ਇਕ ਚੋਰ ਉੱਥੇ ਤੋਂ ਭੱਜਦਾ ਹੋਇਆ ਦਿਖਾਈ ਦਿੱਤਾ। ਸ਼ੋਰ ਮਚਾਉਣ ’ਤੇ ਚੋਰ ਆਪਣੇ ਸਾਥੀਆਂ ਨਾਲ ਪਹਿਲਾਂ ਤੋਂ ਗੱਡੀ ’ਚ ਰੱਖੀਆਂ ਬੱਕਰੀਆਂ ਲੈ ਕੇ ਫਰਾਰ ਹੋ ਗਿਆ। ਬਾਅਦ ’ਚ ਜਾਂਚ ਕਰਨ ’ਤੇ ਪਤਾ ਲੱਗਾ ਕਿ ਚੋਰ ਪੰਜ ਬੱਕਰੀਆਂ ਚੋਰੀ ਕਰ ਕੇ ਲੈ ਗਏ ਹਨ। ਤਿਲਕ ਰਾਜ ਨੇ ਦੱਸਿਆ ਕਿ ਇਸ ਚੋਰੀ ਨਾਲ ਉਨ੍ਹਾਂ ਨੂੰ ਲੱਗਭਗ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਨਾਲ ਉਨ੍ਹਾਂ ਦਾ ਪਰਿਵਾਰ ਆਰਥਿਕ ਸੰਕਟ ’ਚ ਆ ਗਿਆ ਹੈ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਪੰਚਾਇਤ ਮੈਂਬਰ ਸੋਮਨਾਥ ਨੇ ਕਿਹਾ ਕਿ ਇਹ ਘਟਨਾ ਬਹੁਤ ਦੁਖਦਾਈ ਹੈ ਤੇ ਗਰੀਬ ਪਰਿਵਾਰ ਨੂੰ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਫੜ ਕੇ ਪੀੜਤ ਪਰਿਵਾਰ ਨੂੰ ਨਿਆਂ ਦਿੱਤਾ ਜਾਵੇ। ਪੀੜਤ ਪਰਿਵਾਰ ਵੱਲੋਂ ਇਸ ਸਬੰਧ ’ਚ ਥਾਣਾ ਸੁਭਾਨਪੁਰ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ।