ਚੱਕੋਕੀ ’ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਚੱਕੋਕੀ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, 15 ਦਿਨਾਂ ਵਿੱਚ ਪੰਜਵਾਂ ਮਾਮਲਾ—ਹਲਕੇ ’ਚ ਦਹਿਸ਼ਤ ਦਾ ਮਾਹੌਲ
Publish Date: Tue, 05 May 2026 09:17 PM (IST)
Updated Date: Tue, 05 May 2026 09:20 PM (IST)

15 ਦਿਨਾਂ ’ਚ 5ਵਾਂ ਮਾਮਲਾ ਹਲਕੇ ’ਚ ਦਹਿਸ਼ਤ ਦਾ ਮਾਹੌਲ ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਨਸ਼ੇ ਦੇ ਵਧਦੇ ਕਹਿਰ ਨੇ ਇਕ ਹੋਰ ਪਰਿਵਾਰ ਨੂੰ ਉਜਾੜ ਦਿੱਤਾ ਹੈ। ਥਾਣਾ ਢਿਲਵਾਂ ਅਧੀਨ ਪੈਂਦੇ ਪਿੰਡ ਚੱਕੋਕੀ ਵਿਚ ਦੇਰ ਰਾਤ ਨਸ਼ੇ ਦੀ ਓਵਰਡੋਜ਼ ਕਾਰਨ 28 ਸਾਲਾ ਨੌਜਵਾਨ ਸ਼ਮਸ਼ੇਰ ਸਿੰਘ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਦੇ ਭਰਾ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਬੀਤੇ ਦਿਨ ਆਪਣੇ ਸਾਥੀਆਂ ਨਾਲ ਤੂੜੀ ਲਾਹੁਣ ਦਾ ਕੰਮ ਕਰ ਰਿਹਾ ਸੀ। ਸ਼ਾਮ ਵੇਲੇ ਸਾਰੇ ਇਕੱਠੇ ਹੋ ਕੇ ਨਸ਼ਾ ਕਰਨ ਲੱਗ ਪਏ, ਜਿਸ ਦੌਰਾਨ ਸ਼ਮਸ਼ੇਰ ਸਿੰਘ ਅਚਾਨਕ ਬੇਹੋਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸਦੇ ਸਾਥੀਆਂ ਵੱਲੋਂ ਉਸਨੂੰ ਹੋਸ਼ ਵਿਚ ਲਿਆਉਣ ਲਈ ਮੂੰਹ ‘ਤੇ ਚਪੇੜਾਂ ਮਾਰੀਆਂ ਗਈਆਂ, ਜਿਸ ਨਾਲ ਉਸਦੇ ਚਿਹਰੇ ਤੇ ਅੱਖਾਂ ‘ਤੇ ਸੋਜ਼ ਆ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਕਰੀਬ 8:30 ਵਜੇ ਉਸਦੇ ਸਾਥੀ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਘਰ ਛੱਡ ਗਏ। ਹਾਲਤ ਨਾਜ਼ੁਕ ਦੇਖਦਿਆਂ ਪਰਿਵਾਰ ਵੱਲੋਂ ਤੁਰੰਤ ਉਸਨੂੰ ਸੁਭਾਨਪੁਰ ਦੇ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਢਿਲਵਾਂ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਕਪੂਰਥਲਾ ਮੋਰਚਰੀ ਵਿਚ ਰੱਖਵਾਇਆ ਗਿਆ ਹੈ। ਇਲਾਕੇ ਦੇ ਲੋਕਾਂ ਵਿਚ ਇਸ ਘਟਨਾ ਨੂੰ ਲੈ ਕੇ ਗੁੱਸਾ ਤੇ ਡਰ ਦੋਵੇਂ ਵਿਆਪਕ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਸ਼ੇ ਖ਼ਿਲਾਫ਼ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਹੋਰ ਵੀ ਕਈ ਪਰਿਵਾਰ ਇਸ ਤਰ੍ਹਾਂ ਦੇ ਦੁੱਖ ਦਾ ਸਾਹਮਣਾ ਕਰ ਸਕਦੇ। ਉੱਧਰ ਇਸ ਮਾਮਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਿਛਲੇ 15 ਦਿਨਾਂ ਦੌਰਾਨ ਨਸ਼ੇ ਕਾਰਨ ਇਹ ਪੰਜਵੀਂ ਮੌਤ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਸਰਕਾਰ ਨੂੰ ਘੇਰਦਿਆਂ ਦੋਸ਼ ਲਗਾਇਆ ਕਿ ਨਸ਼ੇ ਦੇ ਮਾਮਲੇ ‘ਚ ਪ੍ਰਭਾਵਸ਼ਾਲੀ ਕਾਰਵਾਈ ਦੀ ਘਾਟ ਕਾਰਨ ਨੌਜਵਾਨੀ ਲਗਾਤਾਰ ਇਸਦਾ ਸ਼ਿਕਾਰ ਬਣ ਰਹੀ ਹੈ।