ਯਾਸਮੀਨ ਨੇ 98.4% ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ
ਯਾਸਮੀਨ ਨੇ 98.4% ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ
Publish Date: Mon, 20 Apr 2026 09:57 PM (IST)
Updated Date: Mon, 20 Apr 2026 10:00 PM (IST)

ਸਮਾਜ ਅੰਦਰ ਧੀਆਂ ਕਿਸੇ ਤੋਂ ਘੱਟ ਨਹੀਂ : ਰਾਣਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਹਾਲ ਹੀ ਵਿਚ ਐਲਾਨੇ ਸੀਬੀਐੱਸਈ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੀ ਹੋਣਹਾਰ ਵਿਦਿਆਰਥਣ ਯਾਸਮੀਨ ਨੇ 98.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸੁਲਤਾਨਪੁਰ ਲੋਧੀ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ, ਜਿਸ ਨਾਲ ਉਸਦੇ ਮਾਪਿਆਂ, ਅਧਿਆਪਕਾਂ ਤੇ ਪੂਰੇ ਸ਼ਹਿਰ ਦਾ ਨਾਮ ਰੌਸ਼ਨ ਹੋਇਆ। ਇਸ ਮਾਣਮੱਤੀ ਪ੍ਰਾਪਤੀ ਨੂੰ ਮਾਨਤਾ ਦਿੰਦੇ ਹੋਏ, ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵਿਦਿਆਰਥਣ ਯਾਸਮੀਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਉਨ੍ਹਾਂ ਨੇ ਉਸਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਸਦਾ ਹੌਸਲਾ ਵਧਾਇਆ ਤੇ ਉੱਜਵਲ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਮੌਜੂਦਾ ਯੁੱਗ ਧੀਆਂ ਦਾ ਹੈ ਤੇ ਉਹ ਹਰ ਖੇਤਰ ਵਿਚ ਆਪਣੀ ਕਾਬਲੀਅਤ ਸਾਬਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਤੇ ਸੰਤੁਸ਼ਟੀ ਦੀ ਗੱਲ ਹੈ ਕਿ ਸਾਡੇ ਖੇਤਰ ਦੀਆਂ ਧੀਆਂ ਸਿੱਖਿਆ ਦੇ ਖੇਤਰ ਵਿਚ ਲਗਾਤਾਰ ਨਵੀਆਂ ਉਚਾਈਆਂ ਛੂਹ ਰਹੀਆਂ ਹਨ। ਰਾਣਾ ਇੰਦਰਪ੍ਰਤਾਪ ਸਿੰਘ ਨੇ ਉਮੀਦ ਪ੍ਰਗਟਾਈ ਕਿ ਯਾਸਮੀਨ ਦੀ ਸਫਲਤਾ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਕੰਮ ਕਰੇਗੀ, ਉਨ੍ਹਾਂ ਨੂੰ ਵੀ ਸਖ਼ਤ ਮਿਹਨਤ ਕਰਨ ਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰੇਗੀ। ਇਸ ਮੌਕੇ ਡੱਲਾ ਪਿੰਡ ਦੇ ਸਰਪੰਚ ਚਰਨਜੀਤ ਬਾਊ, ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਗੋਪੀ ਤੇ ਯਸ਼ਪਾਲ ਨਾਗਪਾਲ, ਪਿਤਾ ਸੰਜੀਵ ਕੁਮਾਰ, ਮਾਤਾ ਸਰਬਜੀਤ ਕੌਰ, ਦਵਿੰਦਰ ਸਿੰਘ ਲਾਲੀ, ਪੁਨੀਤ ਸ਼ਰਮਾ, ਸਰਪੰਚ ਟਿੰਕਾ ਸ਼ਰਮਾ, ਸਾਬੀ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ ਸੋਢੀ, ਸੇਵਾ ਸਿੰਘ ਤੇ ਸਮੂਹ ਮੈਂਬਰ ਹਾਜ਼ਰ ਸਨ।