ਜੀਡੀਆਰ ’ਚ ਮਨਾਇਆ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ
ਜੀ.ਡੀ.ਆਰ. ਡੇ ਬੋਰਡਿੰਗ ਪਬਲਿਕ ਸਕੂਲ, ਆਦਰਸ਼ ਨਗਰ, ਫਗਵਾੜਾ ਵਿਖੇ ਮਨਾਇਆ ਗਿਆ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ
Publish Date: Sat, 02 May 2026 07:48 PM (IST)
Updated Date: Sat, 02 May 2026 07:50 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਜੀਡੀਆਰ ਡੇ ਬੋਰਡਿੰਗ ਪਬਲਿਕ ਸਕੂਲ, ਆਦਰਸ਼ ਨਗਰ, ਫਗਵਾੜਾ ਵਿਖੇ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਤੇ ਵਿਸ਼ਵ ਹਾਸਾ ਦਿਵਸ ਮਨਾਇਆ ਗਿਆ। ਸਕੂਲ ਦੀ ਸਵੇਰ ਦੀ ਸਭਾ ਦੌਰਾਨ ਛੇਵੀਂ ਜਮਾਤ ਦੇ ਵਿਦਿਆਰਥੀ ਅਮਰਵੀਰ ਸਿੰਘ ਨੇ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਸਬੰਧੀ ਸੰਬੋਧਨ ਕੀਤਾ। ਉਸ ਨੇ ਸਾਰਿਆਂ ਨੂੰ ਇਸ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਉਸ ਨੇ ਦਸਿਆ ਕਿ ਇਸ ਦਿਨ ਦਾ ਉਦੇਸ਼ ਸੁਤੰਤਰ, ਨਿਰਪੱਖ ਤੇ ਜ਼ਿੰਮੇਵਾਰ ਪੱਤਰਕਾਰੀ ਦੇ ਮੁੱਲ ਨੂੰ ਉਜਾਗਰ ਕਰਨਾ ਹੈ। ਇਸ ਦਿਨ ਦੀ ਮਹੱਤਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ, ਸਕੂਲ ਦੇ ਵਿਹੜੇ ਵਿਚ ਉਨ੍ਹਾਂ ਲਈ ਇਕ ਅਖ਼ਬਾਰ ਪੜ੍ਹਨ ਦੀ ਗਤੀਵਿਧੀ ਦਾ ਆਯੋਜਨ ਕੀਤਾ ਗਿਆ। ਵਿਸ਼ਵ ਹਾਸਾ ਦਿਵਸ ਦੇ ਮੌਕੇ ਤੇ ਬੋਲਦੇ ਹੋਏ, ਅੱਠਵੀਂ ਜਮਾਤ ਦੀ ਵਿਦਿਆਰਥਣ ਸੁਖਬੀਰ ਕੌਰ ਨੇ ਆਪਣੇ ਸਾਥੀਆਂ ਨੂੰ ਸਮਝਾਇਆ ਕਿ ਹਾਸਾ ਤਣਾਅ ਨੂੰ ਘਟਾਉਣ ਵਿਚ ਮਦਦ ਕਰਦਾ ਹੈ ਤੇ ਸਾਡੀ ਸਰੀਰਕ ਤੇ ਭਾਵਨਾਤਮਕ ਤੰਦਰੁਸਤੀ ਦੋਵਾਂ ਵਿਚ ਸਕਾਰਾਤਮਕ ਯੋਗਦਾਨ ਪਾਉਂਦਾ ਹੈ। ਇਸ ਮੌਕੇ ਬੱਚਿਆਂ ਲਈ ਇਕ ਹਾਸਾ ਥੈਰੇਪੀ ਸੈਸ਼ਨ ਕਰਵਾਇਆ ਗਿਆ; ਜਿਸ ਦੌਰਾਨ ਬੱਚਿਆਂ ਨੂੰ ਹਾਸੇ ਦੇ ਮਨੁੱਖੀ ਸਰੀਰ ਤੇ ਪੈਣ ਵਾਲੇ ਲਾਭਦਾਇਕ ਸਰੀਰਕ ਪ੍ਰਭਾਵਾਂ ਬਾਰੇ ਸਿੱਖਿਆ ਦਿੱਤੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼ਿਵਾਨੀ ਨੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਤੇ ਇਕ ਸੁਤੰਤਰ ਤੇ ਇਮਾਨਦਾਰ ਮੀਡੀਆ ਦਾ ਸਮਰਥਨ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਨੇ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਤੇ ਵਿਸ਼ਵ ਹਾਸਾ ਦਿਵਸ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।