ਕੈਂਸਰ ਮਿਸ ਇਨਫਾਰਮੇਸ਼ਨ ’ਤੇ

ਕੈਂਸਰ ਮਿਸ ਇਨਫਾਰਮੇਸ਼ਨ ’ਤੇ ਡਾ. ਰੂਬਲ ਦੀ ਖੋਜ ਫਰਾਂਸ ’ਚ ਕੀਤੀ ਜਾਵੇਗੀ ਪੇਸ਼
ਡਬਲਯੂਐੱਚਓ ਦੀ ਕਾਨਫਰੰਸ ‘ਚ ਕਰੇਗੀ ਭਾਰਤ ਦੀ ਨੁਮਾਇੰਦਗੀ
ਹਰਨੇਕ ਸਿੰਘ ਜੈਨਪੁਰੀ ਪੰਜਾਬੀ ਜਾਗਰਣ
ਕਪੂਰਥਲਾ : ਸੁਲਤਾਨਪੁਰ ਲੋਧੀ ਦੀ ਧਰਤੀ ਨਾਲ ਜੁੜੇ ਇਕ ਹੋਰ ਵਿਦਵਾਨ ਨੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਸੁਲਤਾਨਪੁਰ ਲੋਧੀ ਦੇ ਕਟੜਾ ਬਾਜ਼ਾਰ ਦੇ ਵਸਨੀਕ ਤੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਦੇ ਮਾਸ ਕਮਿਊਨੀਕੇਸ਼ਨ ਤੇ ਮੀਡੀਆ ਅਧਿਐਨ ਵਿਭਾਗ ਦੇ ਮੁਖੀ ਡਾ. ਰੂਬਲ ਕਨੋਜੀਆ ਦੀ ਅਗਵਾਈ ਹੇਠ ਕੀਤੀ ਗਈ ਖੋਜ ਨੂੰ ਵਿਸ਼ਵ ਸਿਹਤ ਸੰਸਥਾ (ਡਬਲਯੂਐੱਚਓ) ਦੇ ਮੰਚ ‘ਤੇ ਪੇਸ਼ ਕਰਨ ਲਈ ਚੁਣਿਆ ਗਿਆ ਹੈ।
ਕੈਂਸਰ ਸੰਬੰਧੀ ਗਲਤ ਜਾਣਕਾਰੀ (ਕੈਂਸਰ ਮਿਸ ਇਨਫਾਰਮੇਸ਼ਨ) ’ਤੇ ਆਧਾਰਿਤ ਇਹ ਮਹੱਤਵਪੂਰਨ ਖੋਜ ਫਰਾਂਸ ਦੇ ਲਿਓਂ ਸ਼ਹਿਰ ਵਿਚ ਹੋਣ ਵਾਲੀ “ਆਈਏਆਰਸੀ @60” ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਪੇਸ਼ ਕੀਤੀ ਜਾਵੇਗੀ। ਇਹ ਕਾਨਫਰੰਸ ਵਿਸ਼ਵ ਸਿਹਤ ਸੰਸਥਾ ਦੀ ਕੈਂਸਰ ਖੋਜ ਏਜੰਸੀ “ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ” ਵੱਲੋਂ ਕਰਵਾਈ ਜਾ ਰਹੀ ਹੈ।
“ਡਿਜੀਟਲ’’ ਯੁੱਗ ਵਿਚ ਕੈਂਸਰ ਸਬੰਧੀ ਗਲਤ ਜਾਣਕਾਰੀ : ਖੋਜ ਰੁਝਾਨਾਂ ਤੇ ਵਿਸ਼ਿਆਂ ਦਾ ਵਿਸ਼ਵ ਪੱਧਰੀ ਵਿਸ਼ਲੇਸ਼ਣ” ਸਿਰਲੇਖ ਹੇਠ ਤਿਆਰ ਕੀਤੀ ਗਈ ਇਸ ਖੋਜ ਵਿਚ ਸੋਸ਼ਲ ਮੀਡੀਆ ਤੇ ਡਿਜੀਟਲ ਮੰਚਾਂ ‘ਤੇ ਤੇਜ਼ੀ ਨਾਲ ਫੈਲ ਰਹੀ ਕੈਂਸਰ ਸਬੰਧੀ ਗਲਤ ਜਾਣਕਾਰੀ ਦੇ ਲੋਕਾਂ ਦੀ ਸੋਚ, ਸਿਹਤ ਪ੍ਰਣਾਲੀ ਤੇ ਇਲਾਜ ਸਬੰਧੀ ਫ਼ੈਸਲਿਆਂ ‘ਤੇ ਪੈਣ ਵਾਲੇ ਪ੍ਰਭਾਵਾਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ ਹੈ।
ਇਹ ਖੋਜ ਵਿਭਾਗ ਦੇ ਜੂਨੀਅਰ ਰਿਸਰਚ ਫੈਲੋ ਤੇ ਪੀਐੱਚਡੀ ਖੋਜਾਰਥੀ ਨਮਨ ਵੱਲੋਂ ਡਾ. ਰੂਬਲ ਕਨੋਜੀਆ ਦੀ ਰਹਿਨੁਮਾਈ ਹੇਠ ਕੀਤੀ ਗਈ ਹੈ। ਅਧਿਐਨ ਯੂਨੀਵਰਸਿਟੀ ਦੀ “ਇੰਟਰਵੈਨਸ਼ਨਜ਼ ਡਿਜ਼ਾਈਨ ਐਂਡ ਇਫੈਕਟਸ ਲੈਬ (ਆਈਡੀਈਐੱਲ ਲੈਬ)” ਦੇ ਅਧੀਨ ਸੰਪੰਨ ਹੋਇਆ। ਖੋਜ ਟੀਮ ਵਿਚ ਰਿਤੂ ਆਰਿਆ, ਰਾਬਿਨ ਜਿੰਦਲ, ਰਾਗੇਂਦੂ ਤੇ ਰਕਤੀਮਾ ਗੁਪਤਾ ਨੇ ਵੀ ਅਹਿਮ ਯੋਗਦਾਨ ਪਾਇਆ। ਮਾਹਿਰਾਂ ਦੇ ਅਨੁਸਾਰ ਇਹ ਅਧਿਐਨ ਡਿਜ਼ੀਟਲ ਹੈਲਥ ਕਮਿਊਨੀਕੇਸ਼ਨ, ਕੈਂਸਰ ਜਾਗਰੂਕਤਾ ਤੇ ਫੇਕ ਹੈਲਥ ਨਿਊਜ਼ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਸੰਚਾਰ ਮਾਡਲ ਤਿਆਰ ਕਰਨ ਵੱਲ ਇਕ ਵੱਡਾ ਕਦਮ ਸਾਬਤ ਹੋ ਸਕਦਾ ਹੈ।
ਡਾ. ਰੂਬਲ ਕਨੋਜੀਆ ਇਸ ਤੋਂ ਪਹਿਲਾਂ ਵੀ ਕਈ ਅੰਤਰਰਾਸ਼ਟਰੀ ਮੰਚਾਂ ‘ਤੇ ਆਪਣੀ ਵਿਦਵਤਾ ਦਾ ਲੋਹਾ ਮਨਵਾ ਚੁੱਕੇ ਹਨ। ਪਿਛਲੇ ਮਹੀਨੇ ਉਨ੍ਹਾਂ ਤੇ ਉਨ੍ਹਾਂ ਦੀ ਪੀਐੱਚਡੀ ਖੋਜਾਰਥੀ ਰਕਤੀਮਾ ਗੁਪਤਾ ਨੂੰ ਡੈਨਮਾਰਕ ਦੀ “ਯੂਨੀਵਰਸਿਟੀ ਆਫ ਸਦਰਨ ਡੈਨਮਾਰਕ” ਵੱਲੋਂ ਹੈਲਥ ਕਮਿਊਨੀਕੇਸ਼ਨ ਵਿਸ਼ੇ ‘ਤੇ ਖੋਜ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਸਿੰਗਾਪੁਰ ਦੀ “ਐੱਨਟੀਯੂ ਸਿੰਗਾਪੁਰ” ਵਿਚ ਫੇਕ ਨਿਊਜ਼ ਤੇ ਡਿਜੀਟਲ ਮਿਸਇਨਫਾਰਮੇਸ਼ਨ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਵੀ ਦੇ ਚੁੱਕੇ ਹਨ। ਇਸ ਤੋਂ ਇਲਾਵਾ ਇੰਗਲੈਂਡ ਦੀ “ਲਾਫਬਰੋ ਯੂਨੀਵਰਸਿਟੀ”, ਅਮਰੀਕਾ ਦੀ “ਯੂਨੀਵਰਸਿਟੀ ਆਫ ਓਰੇਗਨ” ਤੇ “ਅਮਰੀਕਨ ਯੂਨੀਵਰਸਿਟੀ ਦੁਬਈ” ਵਰਗੀਆਂ ਪ੍ਰਸਿੱਧ ਸੰਸਥਾਵਾਂ ਵਿਚ ਵੀ ਉਹ ਆਪਣੀਆਂ ਖੋਜਾਂ ਪੇਸ਼ ਕਰ ਚੁੱਕੇ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਪੀਐੱਚਡੀ ਕਰ ਚੁੱਕੇ ਡਾ. ਰੂਬਲ ਕਨੋਜੀਆ ਦੀਆਂ ਇਹ ਲਗਾਤਾਰ ਅੰਤਰਰਾਸ਼ਟਰੀ ਉਪਲਬਧੀਆਂ ਨਾ ਸਿਰਫ਼ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਲਈ ਮਾਣ ਦੀ ਗੱਲ ਹਨ, ਸਗੋਂ ਸੁਲਤਾਨਪੁਰ ਲੋਧੀ ਤੇ ਪੂਰੇ ਕਪੂਰਥਲਾ ਜ਼ਿਲ੍ਹੇ ਲਈ ਵੀ ਵੱਡੀ ਖੁਸ਼ੀ ਤੇ ਗੌਰਵ ਦਾ ਮੌਕਾ ਹਨ।
ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ ਤਿਵਾਰੀ ਨੇ ਖੋਜ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਯੂਨੀਵਰਸਿਟੀ ਦੀ ਵਧ ਰਹੀ ਅੰਤਰਰਾਸ਼ਟਰੀ ਅਕਾਦਮਿਕ ਪਛਾਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹਮੇਸ਼ਾਂ ਸਮਾਜਿਕ ਅਤੇ ਵਿਸ਼ਵ ਪੱਧਰ ‘ਤੇ ਮਹੱਤਵਪੂਰਨ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਦੀ ਰਹੇਗੀ। ਡਾ. ਰੂਬਲ ਕਨੋਜੀਆ ਨੇ ਇਸ ਉਪਲਬਧੀ ਦਾ ਸਿਹਰਾ ਵਾਈਸ ਚਾਂਸਲਰ ਪ੍ਰੋ. ਆਰਪੀ ਤਿਵਾਰੀ ਦੀ ਰਹਿਨੁਮਾਈ, ਪ੍ਰੋਤਸਾਹਨ ਤੇ ਯੂਨੀਵਰਸਿਟੀ ਵਿਚ ਬਣੇ ਖੋਜ-ਪੱਖੀ ਮਾਹੌਲ ਨੂੰ ਦਿੱਤਾ।
ਫੋਟੋ ਕੈਪਸ਼ਨ :
ਡਾ. ਰੂਬਲ ਕਨੋਜੀਆ, ਜਿਨ੍ਹਾਂ ਦੀ ਅਗਵਾਈ ਹੇਠ ਕੈਂਸਰ ਮਿਸਇਨਫਾਰਮੇਸ਼ਨ ‘ਤੇ ਖੋਜ ਵਿਸ਼ਵ ਸਿਹਤ ਸੰਸਥਾ ਦੀ ਕਾਨਫਰੰਸ ਵਿਚ ਫਰਾਂਸ ‘ਚ ਪੇਸ਼ ਕੀਤੀ ਜਾਵੇਗੀ।