60 ਫੀਸਦੀ ਤੋਂ ਵੱਧ ਕਣਕ ਮੰਡੀਆਂ ‘ਚ ਪੁੱਜੀ
ਕਣਕ ਦੀ ਆਮਦ ਨੇ ਮਿੱਥੇ ਟੀਚੇ ਦੇ ਅੱਧ ਨੂੰ ਕੀਤਾ ਪਾਰ, 60 ਫੀਸਦੀ ਤੋਂ ਵੱਧ ਕਣਕ ਮੰਡੀਆਂ ‘ਚ ਪੁੱਜੀ
Publish Date: Tue, 21 Apr 2026 09:27 PM (IST)
Updated Date: Tue, 21 Apr 2026 09:31 PM (IST)

--1 ਲੱਖ 83 ਹਜ਼ਾਰ 516 ਮੀਟਰਕ ਟਨ ਕਣਕ ਦੀ ਖਰੀਦ ਮੁਕੰਮਲ --ਕਿਸਾਨਾਂ ਨੂੰ 416.2 ਕਰੋੜ ਦੀ ਅਦਾਇਗੀ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਤੇ ਸਰਕਾਰੀ ਖਰੀਦ ਦੀ ਰਫ਼ਤਾਰ ਨੇ ਵੱਡੀ ਪੁਲਾਂਘ ਭਰੀ ਹੈ, ਜਿਥੇ ਇਕ ਪਾਸੇ ਵਾਢੀ ਦੇ ਜ਼ੋਰ ਫੜਦਿਆਂ ਹੀ ਮੰਡੀਆਂ ਵਿਚ ਸੁਨਹਿਰੀ ਫ਼ਸਲ ਆਉਣੀ ਸ਼ੁਰੂ ਹੋਈ, ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਤੇ ਖਰੀਦ ਏਜੰਸੀਆਂ ਵੱਲੋਂ ਦਿਖਾਈ ਗਈ ਮੁਸਤੈਦੀ ਸਦਕਾ ਖਰੀਦ ਪ੍ਰਕਿਰਿਆ ਨੇ ਮਿੱਥੇ ਟੀਚੇ ਨੂੰ ਅੱਧੇ ਤੋਂ ਵੱਧ ਸਫਲਤਾਪੂਰਵਕ ਪਾਰ ਕਰ ਲਿਆ ਹੈ। ਕਿਸਾਨਾਂ ਵੱਲੋਂ ਮੰਡੀਆਂ ਵਿਚ ਲਿਆਈ ਜਾ ਰਹੀ ਫਸਲ ਦਾ ਇਕ-ਇਕ ਦਾਣਾ ਚੁੱਕੇ ਜਾਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਣਕ ਦੀ ਖਰੀਦ ਦੇ ਮਾਪਦੰਡਾਂ ‘ਚ ਛੋਟ ਤੋਂ ਬਾਅਦ ਆਈ ਤੇਜ਼ੀ ਦੇ ਸਦਕਾ 21 ਅਪ੍ਰੈਲ ਸ਼ਾਮ ਤੱਕ ਸਰਕਾਰੀ ਖਰੀਦ ਏਜੰਸੀਆਂ ਪਨਗਰੇਨ, ਮਾਰਕਫੈੱਡ, ਪਨਸਪ ਤੇ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 183516.35 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਤੇ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਦੀ ਕਿਸਾਨਾਂ ਨੂੰ 416.2 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਨੇ ਸਭ ਤੋਂ ਵੱਧ 58024.35 ਮੀਟਰਕ ਟਨ, ਮਾਰਕਫੈੱਡ ਨੇ 47511 ਮੀਟਰਕ ਟਨ, ਪਨਸਪ ਨੇ 41558 ਮੀਟਰਕ ਟਨ ਤੇ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 36423 ਮੀਟਰਕ ਕਣਕ ਦੀ ਖਰੀਦ ਕੀਤੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਲੋੜੀਂਦੀ ਮਾਤਰਾ ‘ਚ ਬਾਰਦਾਨਾ ਮੌਜੂਦ ਹੈ ਤੇ ਕਿਸਾਨਾਂ ਨੂੰ ਖਰੀਦ ਜਾਂ ਢੋਆ-ਢੁਆਈ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨਾਂ ਦੀ ਅਦਾਇਗੀ ਬਾਰੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਭਰੋਸਾ ਦਵਾਇਆ ਕਿ ਮਿੱਥੇ ਸਮੇਂ ਦੇ ਅੰਦਰ-ਅੰਦਰ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਸਿੱਧੀ ਅਦਾਇਗੀ ਬਿਨਾਂ ਕਿਸੇ ਦੇਰੀ ਦੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਮੁੱਖ ਮਕਸਦ ਖਰੀਦ, ਲਿਫਟਿੰਗ ਤੇ ਅਦਾਇਗੀ ਦੇ ਇਸ ਚੱਕਰ ਨੂੰ ਨਿਰਵਿਘਨ ਜਾਰੀ ਰੱਖਣਾ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਪੀਣ ਵਾਲੇ ਸਾਫ਼ ਪਾਣੀ, ਛਾਂ ਤੇ ਸਾਫ਼-ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਸੀਜ਼ਨ ਦੌਰਾਨ ਕੋਈ ਦਿੱਕਤ ਨਾ ਆਵੇ ਤੇ ਸਾਰੀ ਪ੍ਰਕਿਰਿਆ ਸੁਖਾਵੇਂ ਮਾਹੌਲ ‘ਚ ਹੋਣ।