ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਹਫਤਾਵਾਰੀ ਸਤਿਸੰਗ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਬ੍ਰਾਂਚ ਵਿਖੇ ਸਪਤਾਹਿਕ ਸਤਿਸੰਗ ਕਰਵਾਇਆ
Publish Date: Sun, 26 Apr 2026 08:32 PM (IST)
Updated Date: Sun, 26 Apr 2026 08:34 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਬ੍ਰਾਂਚ ਵਿਖੇ ਹਫਤਾਵਾਰੀ ਸਤਿਸੰਗ ਦੌਰਾਨ ਸੰਸਥਾ ਦੇ ਸੰਸਥਾਪਕ ਤੇ ਸੰਚਾਲਕ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਯਾ ਸਾਧਵੀ ਰੀਤੂ ਨੇ ਕਿਹਾ ਕਿ ਜੇਕਰ ਤੁਸੀਂ ਤਣਾਅਮੁਕਤ ਜੀਵਨ ਚਾਹੁੰਦੇ ਹੋ, ਤਾਂ ਸਾਨੂੰ ਤਣਾਅ ਦੇ ਮੂਲ ਕਾਰਨ ਨੂੰ ਖਤਮ ਕਰਨਾ ਹੋਵੇਗਾ ਤੇ ਉਹ ਕਾਰਨ ਹੈ ਨਕਾਰਾਤਮਕ ਸੋਚ। ਇਸ ਨਕਾਰਾਤਮਕ ਸੋਚ ਦਾ ਗ਼ੁਲਾਮ ਹੋ ਕੇ ਮਨੁੱਖ ਖ਼ੁਸ਼ੀ ਵਿਚ ਵੀ ਦੁਖੀ ਰਹਿੰਦਾ ਹੈ ਤੇ ਗਮੀ ਵਿਚ ਨਿਰਾਸ਼ਾ ਦੀ ਖੱਡ ਵਿਚ ਡਿੱਗ ਜਾਂਦਾ ਹੈ, ਪਰ ਇਸ ਦੇ ਉਲਟ ਸਕਾਰਾਤਮਕ ਸੋਚ ਰੱਖਣ ਵਾਲਾ ਵਿਅਕਤੀ ਦੁੱਖ-ਦਰਦ ਵਿਚ ਵੀ ਆਸ਼ਾਵਾਦੀ ਰਹਿੰਦਾ ਹੈ। ਉਦਾਹਰਣ ਦੇ ਤੌਰ ਤੇ ਜੇਕਰ ਤੁਸੀਂ ਚੰਗੀ ਜੁੱਤੀ ਪਾ ਕੇ ਚੱਲੋਗੇ ਤਾਂ ਤੁਸੀਂ ਆਰਾਮ ਨਾਲ ਚੱਲੋਗੇ, ਪਰ ਜੇਕਰ ਤੁਹਾਡੀ ਜੁੱਤੀ ਵਿਚ ਇਕ ਵੀ ਕੰਕਰ ਹੈ, ਤਾਂ ਰਸਤਾ ਭਾਵੇਂ ਕਿੰਨਾ ਵੀ ਸਾਫ਼ ਹੋਵੇ, ਤੁਹਾਡੇ ਲਈ ਦੋ ਕਦਮ ਵੀ ਤੁਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਸਾਡੀ ਸੋਚ ਚੰਗੀ ਹੋਵੇਗੀ ਤਾਂ ਅਸੀਂ ਸਾਰੀਆਂ ਮੁਸ਼ਕਿਲਾਂ ਤੇ ਚੰਗੀ ਤਰ੍ਹਾਂ ਕਾਬੂ ਪਾ ਲਵਾਂਗੇ ਪਰ ਜੇਕਰ ਨਕਾਰਾਤਮਕਤਾ ਨਾਂ ਦਾ ਕੰਕਰ ਸਾਡੀ ਸੋਚ ਚ ਰਚਿਆ ਹੋਇਆ ਹੈ ਤਾਂ ਅਸੀਂ ਅਨੁਕੂਲ ਸਥਿਤੀਆਂ ਚ ਵੀ ਤਣਾਅ ਚ ਰਹਾਂਗੇ। ਅੱਜ ਦਾ ਮਨੁੱਖ ਅਕਸਰ ਜਿਨ੍ਹਾਂ ਚਿੰਤਾਵਾਂ ਜਾਂ ਸਮੱਸਿਆਵਾਂ ਨਾਲ ਘਿਰਿਆ ਰਹਿੰਦਾ ਹੈ, ਉਨ੍ਹਾਂ ਦੀ ਗੱਲ ਕਰੀਏ ਤਾਂ ਇਕ ਮਨੋਵਿਗਿਆਨਕ ਖੋਜ ਅਨੁਸਾਰ ਸੌ ਵਿਚੋਂ ਸਿਰਫ਼ ਅੱਠ ਫ਼ੀਸਦੀ ਹੀ ਅਸਲ ਸਮੱਸਿਆਵਾਂ ਮੰਨੀਆਂ ਜਾਂਦੀਆਂ ਹਨ ਤੇ ਇੱਥੋਂ ਤੱਕ ਕਿ ਇਨ੍ਹਾਂ ਅੱਠ ਵਿਚੋਂ ਵੀ ਸਿਰਫ ਚਾਰ ਫ਼ੀਸਦੀ ਸਮੱਸਿਆਵਾਂ ਉਹ ਹਨ ਜਿਨ੍ਹਾਂ ਦਾ ਹਾਲ ਮਨੁੱਖ ਦੁਆਰਾ ਸੰਭਵ ਨਹੀਂ ਹੈ। ਇਸ ਲਈ ਕੁੱਲ ਮਿਲਾ ਕੇ ਸਿਰਫ਼ ਚਾਰ ਫ਼ੀਸਦੀ ਸਮੱਸਿਆਵਾਂ ਨੂੰ ਹੀ ਅਸਲ ਸਮੱਸਿਆਵਾਂ ਮੰਨਿਆ ਜਾਂਦਾ ਹੈ। ਅੱਜ ਦੇ ਮਨੁੱਖ ਨੂੰ ਖੋਖਲੇ ਦਿੱਖਾਂ ਤੇ ਬਨਾਵਟੀ ਜੀਵਨ ਵਿਚ ਰਹਿਣ ਦੀ ਆਦਤ ਹੋ ਗਈ ਹੈ ਤੇ ਜਦੋਂ ਵੀ ਉਹ ਆਪਣਾ ਨਕਲੀ ਮੁਖੌਟਾ ਉਤਾਰਨ ਤੋਂ ਡਰਦਾ ਹੈ, ਤਾਂ ਉਹ ਤਣਾਅ ਵਿਚ ਆ ਜਾਂਦਾ ਹੈ। ਉਹ ਅਸਲੀਅਤ ਤੋਂ ਭੱਜ ਰਿਹਾ ਹੈ। ਤਣਾਅ ਤੋਂ ਛੁਟਕਾਰਾ ਪਾਉਣ ਲਈ ਸਰੀਰਕ ਤੇ ਮਾਨਸਿਕ ਪੱਧਰ ਤੇ ਕੀਤੇ ਜਾ ਰਹੇ ਯਤਨ ਇੰਨੇ ਕਾਰਗਰ ਸਾਬਤ ਨਹੀਂ ਹੋ ਰਹੇ ਹਨ, ਜਿਸ ਕਾਰਨ ਤਣਾਅਗ੍ਰਸਤ ਲੋਕਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਸਮਾਜ ਵਿਚ ਖੁਦਕੁਸ਼ੀਆਂ ਦੀ ਦਰ ਬਹੁਤ ਵਧ ਗਈ ਹੈ। ਇਸ ਮੌਕੇ ਸਾਧਵੀ ਨਿਧੀ ਭਾਰਤੀ ਦੁਆਰਾ ਸੁੰਦਰ ਭਜਨ ਗਾਏ ਗਏ।