ਬੁੱਧਵਾਰ ਤੱਕ ਮੁਆਵਜ਼ਾ ਰਾਸ਼ੀ ਨਾ ਦੇਣ ’ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ
ਬੁੱਧਵਾਰ ਤੱਕ ਮੁਆਵਜ਼ਾ ਰਾਸ਼ੀ ਨਾ ਦੇਣ ਤੇ ਰੋਸ ਵਜੋਂ ਤਿੱਖੇ ਸੰਘਰਸ਼ ਦੀ ਚਿਤਾਵਨੀ : ਬਾਊਪੁਰ /ਮਹੀਵਾਲ
Publish Date: Thu, 07 May 2026 10:36 PM (IST)
Updated Date: Thu, 07 May 2026 10:38 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜੇ ਪ੍ਰਸ਼ਾਸਨ ਨੇ ਬੁੱਧਵਾਰ ਤੱਕ ਹੜ੍ਹ ਪੀੜਤ ਕਿਸਾਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿਚ ਨਾ ਪਾਈ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਪਰੰਤ ਹਲਕੇ ਵਿਚ ਕੋਈ ਤਿੱਖਾ ਸੰਘਰਸ਼ ਛੇੜਨ ਲਈ ਮਜਬੂਰ ਹੋਵੇਗੀ। ਇਹ ਸ਼ਬਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਹੀਵਾਲ ਨੇ ਬੀਤੇ ਦਿਨ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਅਗਵਾਈ ਹੇਠ ਹੜ੍ਹ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਨਾ ਦੇਣ ਦੇ ਰੋਸ ਵਜੋਂ ਐੱਸਡੀਐੱਮ ਦਫਤਰ ਦੇ ਬਾਹਰ ਦਿੱਤੇ ਗਏ ਅਣਮਿਥੇ ਧਰਨੇ ਮੌਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਨ ਉਪਰੰਤ ਕਹੇ। ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ ਨੇ ਕਿਹਾ ਕਿ ਬੀਤੇ ਸਾਲ ਸੱਤਵੇਂ ਮਹੀਨੇ ਵਿਚ ਆਏ ਹੜ੍ਹ ਨੂੰ ਅੱਜ ਕਰੀਬ ਇਕ ਸਾਲ ਹੋ ਚੱਲਿਆ ਹੈ ਪ੍ਰੰਤੂ ਪ੍ਰਸ਼ਾਸਨ ਜਾਣ ਬੁੱਝ ਕੇ ਟਾਲਮਟੋਲ ਵਾਲੀ ਨੀਤੀ ਬਣਾ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸਰਕਾਰ ਨੇ ਸਿਰਫ ਫੋਕੀ ਬਿਆਨਬਾਜ਼ੀ ਤੇ ਇਸ਼ਤਿਹਾਰਬਾਜ਼ੀ ਰਾਹੀਂ ਆਪਣੀ ਵਾਹੋ-ਵਾਹੀ ਖੱਟੀ ਹੈ ਜਦਕਿ ਹਕੀਕਤ ਕੋਹਾਂ ਦੂਰ ਹੈ। ਸੂਬੇ ਦੀ ਭਗਵੰਤ ਮਾਨ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਦੇ ਵਿਅਕਤੀ ਦੇ ਮਰ ਜਾਣ ਦਾ ਬਹਾਨਾ ਲਗਾਉਂਦੇ ਹਨ ਪਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਕਤ ਮ੍ਰਿਤਕ ਪਰਿਵਾਰ ਦੇ ਕੋਲ ਹਲਫੀਆ ਬਿਆਨ ਲੈ ਕੇ ਮੁਆਵਜ਼ਾ ਰਾਸ਼ੀ ਉਸ ਦੇ ਖਾਤੇ ਵਿਚ ਪਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਧਰਨਾ ਸਾਡਾ ਅਣਮਿੱਥੇ ਸਮੇਂ ਦਾ ਸੀ ਪਰ ਹੁਣ ਪ੍ਰਸ਼ਾਸਨ ਨੇ ਆਖਰੀ ਵਾਰ ਬੁੱਧਵਾਰ ਤੱਕ ਦਾ ਸਮਾਂ ਮੰਗਿਆ ਹੈ, ਜਿਸ ’ਤੇ ਸਾਰੇ ਕਿਸਾਨ ਭਰਾਵਾਂ ਦੀ ਸਹਿਮਤੀ ਨਾਲ ਪ੍ਰਸ਼ਾਸਨ ਨੂੰ ਆਖਰੀ ਮੌਕਾ ਦਿੱਤਾ ਹੈ ਤੇ ਜੇ ਫਿਰ ਵੀ ਪ੍ਰਸ਼ਾਸਨ ਨੇ ਜਾਣਬੁੱਝ ਕੇ ਆਨਾਕਾਨੀ ਕੀਤੀ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਫੈਸਲਾ ਫਿਰ ਆਰ-ਪਾਰ ਦਾ ਕਰੇਗੀ। ਇਸ ਮੌਕੇ ਪ੍ਰਧਾਨ ਸਰਵਨ ਸਿੰਘ ਬਾਊਪੁਰ, ਸਕੱਤਰ ਸ਼ੇਰ ਸਿੰਘ ਮਹੀਵਾਲ, ਪੁਸ਼ਪਿੰਦਰ ਸਿੰਘ ਮੋਮੀ, ਗੁਰਸੇਵਕ ਸਿੰਘ ਸ਼ਿਵਦਿਆਲ ,ਜੱਗਾ ਸਿੰਘ ਭਾਣੋਲੰਗਾ ,ਹਰਭਜਨ ਸਿੰਘ ਖਿਜਰਪੁਰ, ਅੰਗਰੇਜ਼ ਸਿੰਘ ਮੁੰਡਾ ਪਿੰਡ, ਸੁਖਵਿੰਦਰ ਸਿੰਘ ਸੋਨੂ, ਬਲਜਿੰਦਰ ਸਿੰਘ, ਪਿਆਰਾ ਸਿੰਘ ਵਾਟਾਂਵਾਲੀ ਵੀ ਹਾਜ਼ਰ ਸਨ।