ਵੱਖ-ਵੱਖ ਥਾਵਾਂ ਤੋਂ ਹੈਰੋਇਨ ਤੇ ਨਸ਼ੇ ਦੀਆਂ ਗੋਲੀਆਂ ਸਮੇਤ ਮੁਲਜ਼ਮ ਕਾਬੂ
ਨਸ਼ਾ ਪ੍ਰਭਾਵਿਤ ਏਰੀਆ ਵਿੱਚ ਸਰਚ ਅਪ੍ਰੇਸ਼ਨ ਚਲਾ ਕੇ ਵੱਖ-ਵੱਖ ਵਿਅਕਤੀ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
Publish Date: Fri, 17 Apr 2026 10:19 PM (IST)
Updated Date: Fri, 17 Apr 2026 10:21 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਐੱਸਐੱਸਪੀ ਗੌਰਵ ਤੂਰਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ ਕਪੂਰਥਲਾ ਪੁਲਿਸ ਦੀ ਟੀਮ ਐੱਸਪੀ ਮਾਧਵੀ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਮੁੱਖ ਅਫਸਰ ਥਾਣਾ ਸਿਟੀ ਸਤਨਾਮਪੁਰਾ ਅਤੇ ਮੁੱਖ ਅਫਸਰ ਥਾਣਾ ਰਾਵਲਪਿੰਡੀ ਦੀਆਂ ਪੁਲਿਸ ਟੀਮਾਂ ਵੱਲੋਂ ਮਿਤੀ 09-04-2026 ਤੋਂ ਲੈ ਕੇ ਮਿਤੀ 16-04-2026 ਤੱਕ ਨਸ਼ਾ ਪ੍ਰਭਾਵਿਤ ਏਰੀਆ ਵਿੱਚ ਸਮੇਂ-ਸਮੇਂ ਸਿਰ ਸਰਚ ਆਪ੍ਰੇਸ਼ਨ ਚਲਾ ਕੇ ਵੱਖ-ਵੱਖ ਨਸ਼ੇ ਵੇਚਣ ਅਤੇ ਪੀਣ ਵਾਲੇ ਵਿਅਕਤੀ ਗ੍ਰਿਫ਼ਤਾਰ ਕੀਤੇ। ਐੱਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ ਮਿਤੀ 09-04-2026 ਤੋਂ ਲੈ ਕੇ ਮਿਤੀ 16-04- 2026 ਨੂੰ ਸਬ ਡਵੀਜ਼ਨ ਫਗਵਾੜਾ ਦੇ ਵੱਖ-ਵੱਖ ਥਾਵਾਂ ’ਤੇ ਸਰਚ ਆਪ੍ਰੇਸ਼ਨ ਕਰ ਕੇ ਵੱਖ-ਵੱਖ 8 ਵਿਅਕਤੀਆਂ ਨੂੰ ਨਸ਼ਾ ਅਤੇ ਨਸ਼ਾ ਪੀਂਦਿਆਂ ਹੋਇਆਂ ਨੂੰ ਗ੍ਰਿਫ਼ਤਾਰ ਕਰ ਕੇ ਕੁੱਲ 8 ਮੁਕੱਦਮੇ ਦਰਜ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 47 ਗ੍ਰਾਮ ਹੈਰੋਇਨ ਅਤੇ 70 ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕਰ ਕੇ ਵੱਖ-ਵੱਖ ਥਾਣਿਆਂ ਵਿੱਚ 8 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ ਗਿਆ। ਇਸ ਤੋਂ ਪਹਿਲਾਂ ਵੀ ਕਪੂਰਥਲਾ ਪੁਲਿਸ ਦੀ ਫਗਵਾੜਾ ਟੀਮ ਵੱਲੋਂ ਸਮੇਂ-ਸਮੇਂ ਸਿਰ ਸਰਚ ਆਪ੍ਰੇਸ਼ਨ ਚਲਾ ਕੇ ਨਸ਼ਾ ਪੀਣ ਅਤੇ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਅੱਗੋਂ ਵੀ ਇਹ ਮੁਹਿੰਮ ਜਾਰੀ ਰਹੇਗੀ। ਇਸ ਤੋਂ ਇਲਾਵਾ ਸਬ ਡਵੀਜ਼ਨ ਫਗਵਾੜਾ ਦੇ ਏਰੀਆ ਵਿੱਚ ਸਮੇਂ-ਸਮੇਂ ਸਿਰ ਜਨਤਕ ਥਾਵਾਂ ’ਤੇ ਆਮ ਪਬਲਿਕ ਅਤੇ ਸਕੂਲੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ। ਸ਼ਹਿਰ ਵਾਸੀਆਂ ਨੂੰ ਐੱਸਪੀ ਮਾਧਵੀ ਸ਼ਰਮਾ ਨੇ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕ ਕਿਸੇ ਵੀ ਤਰ੍ਹਾਂ ਦਾ ਨਸ਼ਾ ਵਿਕਣ ਜਾਂ ਪੀਣ ਵਾਲਿਆਂ ਸਬੰਧੀ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ ’ਤੇ ਸੂਚਿਤ ਕਰ ਸਕਦੇ ਹਨ ਤਾਂ ਜੋ ਨਸ਼ਿਆਂ ’ਤੇ ਠੱਲ੍ਹ ਪਾਈ ਜਾ ਸਕੇ।