ਬਿਜਲੀ ਕੱਟਾਂ ਨੇ ਆਪ ਦੇ ਦਾਅਵਿਆਂ ਦੀ ਖੋਲ੍ਹੀ ਪੋਲ : ਧਰਮਿੰਦਰ ਟੋਨੀ
8-8 ਘੰਟੇ ਦੇ ਅਣਐਲਾਨੇ ਬਿਜਲੀ ਕੱਟਾਂ ਨੇ ਆਪ ਸਰਕਾਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ-ਧਰਮਿੰਦਰ ਟੋਨੀ
Publish Date: Mon, 27 Apr 2026 07:02 PM (IST)
Updated Date: Mon, 27 Apr 2026 07:04 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਤੇਜ਼ ਗਰਮੀ ਦੀ ਸ਼ੁਰੂਆਤ ਦੇ ਨਾਲ ਹੀ, ਬਿਜਲੀ ਵਿਭਾਗ ਦੇ ਮਾੜੇ ਕੰਮਕਾਜ ਨੇ ਆਮ ਲੋਕਾਂ ਦਾ ਜੀਉਣਾ ਮੁਸ਼ਕਲ ਕਰ ਦਿੱਤਾ ਹੈ। ਸੂਬਾ ਸਰਕਾਰ ਦੇ ਬਿਜਲੀ ਸਪਲਾਈ ਦੇ ਵੱਡੇ-ਵੱਡੇ ਦਾਅਵੇ ਹੁਣ ਖੋਖਲੇ ਦਿਖਾਈ ਦੇ ਰਹੇ ਹਨ। ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਲੰਬੇ ਬਿਜਲੀ ਕੱਟਾਂ ਨੇ ਲੋਕਾਂ ਨੂੰ ਤਬਾਹ ਕਰ ਦਿੱਤਾ ਹੈ। ਦਿਨ ਵਿਚ 8 ਘੰਟੇ ਤੱਕ ਲੱਗਣ ਵਾਲੇ ਅਣਐਲਾਨੇ ਬਿਜਲੀ ਕੱਟਾਂ ਨੇ ਜਨਜੀਵਨ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ। ਵਾਰ-ਵਾਰ ਬਿਜਲੀ ਕੱਟਾਂ ਦਾ ਕਾਰੋਬਾਰ ਤੇ ਘਰੇਲੂ ਗਤੀਵਿਧੀਆਂ ’ਤੇ ਸਭ ਤੋਂ ਵੱਧ ਪ੍ਰਭਾਵ ਪਿਆ ਹੈ। ਛੋਟੇ ਉਦਯੋਗ ਤੇ ਦੁਕਾਨਦਾਰ ਠੱਪ ਹੋ ਗਏ ਹਨ, ਜਿਸ ਕਾਰਨ ਵਿੱਤੀ ਨੁਕਸਾਨ ਹੋਇਆ ਹੈ। ਘੰਟਿਆਂ ਬੱਧੀ ਬਿਜਲੀ ਕੱਟਾਂ ਕਾਰਨ ਘਰਾਂ ਵਿਚ ਇਨਵਰਟਰ ਵੀ ਫੇਲ੍ਹ ਹੋ ਗਏ ਹਨ। ਇਸ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਕੁਮਾਰ ਟੋਨੀ ਨੇ ਆਪ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਬਿਜਲੀ ਦੀ ਘਾਟ ਨੇ ਪਾਣੀ ਦੀ ਕਿੱਲਤ ਨੂੰ ਵਧਾ ਦਿੱਤਾ ਹੈ,ਜਿਸ ਨਾਲ ਰੋਜ਼ਾਨਾ ਦੇ ਕੰਮ ਸਮੇਂ ਸਿਰ ਪੂਰੇ ਨਹੀਂ ਹੋ ਰਹੇ ਹਨ। ਟੋਨੀ ਨੇ ਕਿਹਾ ਕਿ ਪੰਜਾਬ ਵਿਚ ਬਿਜਲੀ ਖੇਤਰ ਨੂੰ ਬਿਜਲੀ ਵਿਭਾਗ ਵਿਕਸਤ ਕਰਕੇ ਸਰਪਲੱਸ ਬਣਾਇਆ ਗਿਆ ਸੀ ਤੇ ਵਾਧੂ ਬਿਜਲੀ ਗੁਆਂਢੀ ਰਾਜਾਂ ਨੂੰ ਵੇਚੀ ਜਾ ਰਹੀ ਸੀ, ਜਿਸ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 4 ਸਾਲਾਂ ਤੋਂ ਵੱਡੇ-ਵੱਡੇ ਦਾਅਵੇ ਕਰਕੇ ਜਨਤਾ ਨੂੰ ਗੁੰਮਰਾਹ ਕਰ ਰਹੀ ਸੀ,ਪਰ ਅੱਜ ਪੰਜਾਬ ਵਿਚ ਹਾਲਾਤ ਅਜਿਹੇ ਬਣ ਗਏ ਹਨ ਕਿ ਜਨਤਾ ਭਿਆਨਕ ਗਰਮੀ ਕਾਰਨ ਪ੍ਰੇਸ਼ਾਨ ਹੈ। ਪੰਜਾਬ ਦੇ ਲੋਕ 24 ਘੰਟਿਆਂ ਵਿਚ ਦੋ ਵਾਰ 8 ਘੰਟੇ ਬਿਜਲੀ ਕੱਟ ਝੱਲਣ ਲਈ ਮਜਬੂਰ ਹਨ। ਟੋਨੀ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਸਰਕਾਰ 24 ਘੰਟੇ ਬਿਜਲੀ ਦੇਣ ਦਾ ਵਾਅਦਾ ਕਰਦੀ ਸੀ, ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ। ਇਨ੍ਹਾਂ ਬਿਜਲੀ ਕੱਟਾਂ ਨੇ ਸਰਕਾਰ ਦੇ ਜ਼ੀਰੋ ਬਿਜਲੀ ਕੱਟਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।ਉਨ੍ਹਾਂ ਕਿਹਾ ਕਿ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਅਣਐਲਾਨੇ ਬਿਜਲੀ ਕੱਟਾਂ ਕਾਰਨ ਜਨਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਟੋਨੀ ਨੇ ਕਿਹਾ ਕਿ ਤੇਜ਼ ਗਰਮੀ ਦੌਰਾਨ ਵਾਰ-ਵਾਰ ਬਿਜਲੀ ਕੱਟ ਲੋਕਾਂ ਦੇ ਜੀਵਨ ਨੂੰ ਵਿਗਾੜ ਰਹੇ ਹਨ।ਇਸ ਦਾ ਘਰੇਲੂ ਗਤੀਵਿਧੀਆਂ ਤੋਂ ਲੈ ਕੇ ਵਪਾਰਕ ਗਤੀਵਿਧੀਆਂ ਤੱਕ ਹਰ ਖੇਤਰ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਦਿਨ-ਰਾਤ ਬਿਜਲੀ ਕੱਟ ਲਗਾਏ ਜਾ ਰਹੇ ਹਨ,ਜਿਸ ਕਾਰਨ ਬੱਚਿਆਂ,ਬਜ਼ੁਰਗਾਂ ਅਤੇ ਬਿਮਾਰਾਂ ਨੂੰ ਸਭ ਤੋਂ ਵੱਧ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਬਿਜਲੀ ਸਰਪਲੱਸ ਹੋਣ ਦੇ ਦਾਅਵਿਆਂ ਪਿੱਛੇ ਸੱਚਾਈ ਬੇਨਕਾਬ ਹੋ ਰਹੀ ਹੈ। ਗਰਮੀਆਂ ਹੁਣੇ ਸ਼ੁਰੂ ਹੋਈਆਂ ਹਨ ਤੇ ਬਿਜਲੀ ਵਿਭਾਗ ਨੇ 8 ਘੰਟੇ ਬਿਜਲੀ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੋਨੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਬਿਜਲੀ ਸਪਲਾਈ ਵਿਚ ਸੁਧਾਰ ਨਹੀਂ ਕਰਦੀ ਹੈ, ਤਾਂ ਅਕਾਲੀ ਦਲ ਨੂੰ ਸੰਘਰਸ਼ ਕਰਨਾ ਪਵੇਗਾ।