ਨਸ਼ੇੜੀ ਹੁਣ ਖੇਤਾਂ ’ਚੋਂ ਸਬਜ਼ੀ ਕਰਨ ਲੱਗੇ ਚੋਰੀ
ਨਸ਼ੇ ਦੀ ਪੂਰਤੀ ਲਈ ਹੁਣ ਚੋਰ ਖੇਤਾਂ ਚੋਂ ਸਬਜ਼ੀ ਵੀ ਕਰਨ ਲੱਗੇ ਚੋਰੀ
Publish Date: Tue, 28 Apr 2026 08:55 PM (IST)
Updated Date: Tue, 28 Apr 2026 08:58 PM (IST)

ਪਿੰਡ ਸਵਾਲ ਦੇ ਕਿਸਾਨਾਂ ਨੇ ਚੋਰ ਨੂੰ ਰੰਗੇ ਹੱਥੀ ਫੜ ਕੇ ਪੁਲਿਸ ਹਵਾਲੇ ਕੀਤਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨਸ਼ਾ ਆਦਮੀ ਨੂੰ ਕੀ ਬਣਾ ਦਿੰਦਾ ਹੈ, ਇਸ ਦੀ ਤਾਜ਼ਾ ਉਦਾਹਰਣ ਪਿੰਡ ਸਵਾਲ ਵਿਖੇ ਕਿਸਾਨਾਂ ਵੱਲੋਂ ਬੀਜੀ ਗੋਭੀ ਦੀ ਸਬਜ਼ੀ ਦੀ ਚੋਰੀ ਤੋਂ ਮਿਲੀ ਹੈ। ਕਹਿੰਦੇ ਹਨ ਕਿ 100 ਦਿਨ ਚੋਰ ਦਾ 1 ਦਿਨ ਸਾਧ ਦਾ, ਜੀ ਹਾਂ ਸਬਜ਼ੀ ਚੋਰੀ ਤੋਂ ਪਰੇਸ਼ਾਨ ਪਿੰਡ ਵਾਸੀ ਕਿਸਾਨਾਂ ਨੇ ਰਾਤ ਦੇ ਸਮੇਂ ਪਹਿਰਾ ਲਗਾ ਕੇ ਚੋਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਜ਼ਿਕਰਯੋਗ ਹੈ ਕਿ ਹਲਕਾ ਸੁਲਤਾਨਪੁਰ ਲੋਧੀ ਸਬਜ਼ੀਆਂ ਦੀ ਕਾਸ਼ਤ ਵਿਚ ਵੀ ਪ੍ਰਮੁੱਖ ਮੰਨਿਆ ਜਾਂਦਾ ਹੈ। ਹਲਕੇ ਦੇ ਕਈ ਪਿੰਡ ਸਿਰਫ ਸਬਜ਼ੀ ਲਗਾ ਕੇ ਆਪਣਾ ਗੁਜ਼ਾਰਾ ਕਰਦੇ ਹਨ। ਪਹਿਲਾਂ ਹੀ ਘੱਟ ਰੇਟ ਕਾਰਨ ਆਰਥਿਕ ਮੰਦੀ ਨੂੰ ਝੱਲ ਰਹੇ ਕਿਸਾਨਾਂ ਨੂੰ ਜਦੋਂ ਹੁਣ ਫਸਲ ਤੋਂ ਕੁਝ ਮੁਨਾਫਾ ਮਿਲਣ ਦੀ ਆਸ ਬੱਝੀ ਤਾਂ ਚੋਰ ਫਸਲ ਚੋਰੀ ਕਰਕੇ ਲਿਜਾਣ ਲੱਗੇ। ਕਿਸਾਨ ਆਪਣੀ ਫਸਲ ਨੂੰ ਨਾ ਜਿੰਦਰਾ ਲਗਾ ਸਕਦਾ, ਨਾ ਚੌਕੀਦਾਰ ਬਿਠਾ ਸਕਦਾ ਉਸਦੀ ਮਿਹਨਤ ਸਿਰਫ ਰੱਬ ਆਸਰੇ ਹੁੰਦੀ ਹੈ। ਪਿੰਡ ਸਵਾਲ ਦੇ ਆਸਪਾਸ ਦੇ ਇਲਾਕਿਆਂ ਵਿਚ ਲਗਾਤਾਰ ਗੋਭੀ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ, ਜਿਸ ਨੂੰ ਲੈ ਕੇ ਕਿਸਾਨ ਪਿਛਲੇ ਦਿਨਾਂ ਤੋਂ ਬਹੁਤ ਪਰੇਸ਼ਾਨ ਸਨ ਕਿਉਂਕਿ ਅਜਿਹੀ ਘਟਨਾ ਪਹਿਲੀ ਵਾਰ ਹੋਈ ਸੀ ਕਿ ਕਿਸਾਨ ਦੀ ਫਸਲ ਹੀ ਖੇਤਾਂ ਵਿਚੋਂ ਚੋਰੀ ਹੋ ਜਾਵੇ। ਇਸ ਸਬੰਧੀ ਕਿਸਾਨ ਬਲਕਾਰ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨ ਤੋਂ ਲਗਾਤਾਰ ਸਾਡੇ ਪਿੰਡਾਂ ਦੇ ਆਲੇ-ਦੁਆਲੇ ਸਬਜ਼ੀ ਚੋਰੀ ਹੋਣ ਕਾਰਨ 10 ਤੋਂ 12 ਹਜਾਰ ਰੁਪਏ ਦਾ ਨੁਕਸਾਨ ਹੋ ਰਿਹਾ ਸੀ। ਕਿਸਾਨਾਂ ਨੇ ਦੱਸਿਆ ਕਿ ਅਖੀਰ ਕਿਸਾਨਾਂ ਨੇ ਰਾਤ ਨੂੰ ਪਹਿਰਾ ਲਗਾ ਕੇ ਖੁਦ ਮੋਰਚਾ ਸੰਭਾਲਿਆ। ਜਿਵੇਂ ਹੀ ਚੋਰ ਗੋਭੀ ਕੱਟਣ ਆਏ ਤਾਂ ਉਨ੍ਹਾਂ ਨੂੰ ਰੰਗੇ ਹੱਥੀਂ ਫੜ ਲਿਆ ਗਿਆ। ਮੌਕੇ ’ਤੇ ਲੋਕਾਂ ਚੋਰਾਂ ਦਾ ਕੁਟਾਪਾ ਵੀ ਚਾੜ੍ਹਿਆ, ਜਿਸ ਦੀ ਸਾਰੀ ਘਟਨਾ ਵੀਡੀਓ ਵਿਚ ਕੈਦ ਹੈ। ਚੋਰਾਂ ਨੂੰ ਫੜ ਕੇ ਕਿਸਾਨਾਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ। ਨਸ਼ੇ ਦੀ ਪੂਰਤੀ ਲਈ ਕੀਤੀ ਚੋਰੀ ਚੋਰੀ ਬਾਰੇ ਪੁੱਛਣ ’ਤੇ ਚਓ੍ਰ ਨੇ ਦੱਸਿਆ ਕਿ ਉਸਨੇ ਇਹ ਚੋਰੀ ਨਸ਼ੇ ਦੀ ਪੂਰਤੀ ਕਰਨ ਲਈ ਕੀਤੀ ਸੀ। ਉਸਨੇ ਕਿਹਾ ਕਿ ਜਿਹੜਾ ਗੋਲੀਆਂ ਦਾ ਪੱਤਾ ਉਹ ਲੈਂਦਾ ਹੈ, ਉਹ 350 ਰੁਪਏ ਦਾ ਹੈ ਤੇ ਨਸ਼ੇ ਤੋਂ ਬਗੈਰ ਉਸ ਤੋਂ ਰਿਹਾ ਨਹੀਂ ਜਾਂਦਾ। ਉਸਨੇ ਦੱਸਿਆ ਕਿ ਬਾਜ਼ਾਰ ਵਿਚ ਗੋਭੀ ਸਬਜੀ ਦਾ ਰੇਟ 25 ਤੋਂ 30 ਰੁਪਏ ਕਿਲੋ ਹੈ ਤੇ ਉਹ 10 -12 ਰੁਪਏ ਵਿਚ ਇਹ ਵੇਚ ਦਿੰਦਾ ਸੀ। ਉਸਨੇ ਇਹ ਵੀ ਮੰਨਿਆ ਕਿ ਨਸ਼ਿਆਂ ਨੂੰ ਛਡਾਉਣ ਲਈ ਉਸਨੇ ਕਦੇ ਵੀ ਪੁਲਿਸ ਨਾਲ ਸੰਪਰਕ ਨਹੀਂ ਕੀਤਾ ਤੇ ਨਾ ਹੀ ਉਸਨੇ ਹਾਲੇ ਤੱਕ ਕੋਈ ਇਲਾਜ ਕਰਵਾਇਆ। ਉਸਨੇ ਦੱਸਿਆ ਕਿ ਉਹ ਰਾਤ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ ਸਬਝ਼ਈ ਚੋਰੀ ਕਰਦਾ ਸੀ ਪਰ ਅੱਜ ਰੇਹੜੀ ਖਰਾਬ ਹੋਣ ਕਾਰਨ ਦਿਨ ਚੜ੍ਹ ਗਿਆ ਤੇ ਕਿਸਾਨਾਂ ਦੇ ਕਾਬੂ ਆ ਗਿਆ। ਇਸ ਸਮੇਂ ਪਹੁੰਚੇ ਥਾਣਾ ਸੁਲਤਾਨਪੁਰ ਲੋਧੀ ਤੋਂ ਏਐੱਸਆਈ ਹਰਭਜਨ ਸਿੰਘ ਨੇ ਦੱਸਿਆ ਕਿ ਸਾਨੂੰ ਪਿੰਡ ਸਵਾਲ ਤੋਂ ਫੋਨ ਆਇਆ ਕਿ ਅਸੀਂ ਇਕ ਗੋਭੀ ਚੋਰ ਫੜਿਆ ਹੈ, ਜਿਸ ਤੇ ਅਸੀਂ ਇਥੇ ਆਏ ਹਾਂ ਤੇ ਚੋਰ ਨੂੰ ਲੈ ਕੇ ਚੱਲੇ ਹਾਂ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਬਿਆਨ ਦੇ ਆਧਾਰ ’ਤੇ ਕਾਰਵਾਈ ਕਰਕੇ ਚੋਰ ਤੋਂ ਪੁੱਛਗਿੱਛ ਕੀਤੀ ਜਾਵੇਗੀ।