ਐਕਟਿਵਾ ਸਵਾਰ ਚੋਰ ਨੇ ਤੋੜੇ ਗੱਡੀਆਂ ਦੇ ਸ਼ੀਸ਼ੇ
ਸੁਲਤਾਨਪੁਰ ਲੋਧੀ ਦੇ ਪਿੰਡਾਂ ‘ਚ ਚੋਰਾਂ ਦਾ ਕਹਿਰ: ਐਕਟਿਵਾ ਸਵਾਰ ਚੋਰ ਨੇ ਤੋੜੇ ਗੱਡੀਆਂ ਦੇ ਸ਼ੀਸ਼ੇ
Publish Date: Mon, 27 Apr 2026 09:03 PM (IST)
Updated Date: Mon, 27 Apr 2026 09:07 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਆਸ-ਪਾਸ ਦੇ ਪਿੰਡਾਂ ਵਿਚ ਇਕ ਸ਼ਾਤਰ ਚੋਰ ਨੇ ਦੇਰ ਰਾਤ ਅਜਿਹਾ ਕਹਿਰ ਮਚਾਇਆ ਕਿ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਫ਼ੇਦ ਰੰਗ ਦੀ ਐਕਟਿਵਾ ਸਕੂਟਰੀ ‘ਤੇ ਸਵਾਰ ਇਹ ਚੋਰ ਲਗਭਗ ਡੇਢ ਵਜੇ ਰਾਤ ਨੂੰ ਮੈਦਾਨ ਵਿਚ ਉਤਰਿਆ ਤੇ ਇਕ ਤੋਂ ਬਾਅਦ ਇਕ ਵਾਰਦਾਤ ਨੂੰ ਅੰਜਾਮ ਦਿੰਦਾ ਹੋਇਆ ਵੱਖ-ਵੱਖ ਪਿੰਡਾਂ ਵਿਚ ਘੁੰਮਦਾ ਰਿਹਾ। ਚੋਰ ਦੀ ਚਲਾਕੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸਨੇ ਆਪਣੀ ਸਕੂਟਰੀ ਦੀਆਂ ਦੋਹਾਂ ਨੰਬਰ ਪਲੇਟਾਂ ‘ਤੇ ਕੱਪੜਾ ਬੰਨ੍ਹਿਆ ਹੋਇਆ ਸੀ, ਤਾਂ ਜੋ ਉਸਦੀ ਪਛਾਣ ਨਾ ਹੋ ਸਕੇ। ਇਸਦੇ ਨਾਲ ਹੀ ਉਸਨੇ ਆਪਣੇ ਸਿਰ ਤੇ ਮੂੰਹ ਨੂੰ ਵੀ ਪੂਰੀ ਤਰ੍ਹਾਂ ਕੱਪੜੇ ਨਾਲ ਢੱਕਿਆ ਹੋਇਆ ਸੀ, ਜਿਸ ਕਾਰਨ ਉਹ ਕੈਮਰਿਆਂ ਤੋਂ ਵੀ ਬਚਦਾ ਰਿਹਾ। ਪਰ ਉਸ ਵੱਲੋਂ ਜਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਉਨ੍ਹਾਂ ਵਿਚ ਬਹੁਤਾਤ ਗਿਣਤੀ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈਆਂ। ਇਸ ਸ਼ਾਤਰ ਚੋਰ ਨੇ ਖਾਸ ਤੌਰ ‘ਤੇ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਤੇ ਲੋਹੇ ਦੀ ਰਾਡ ਨਾਲ ਉਨ੍ਹਾਂ ਦੇ ਸ਼ੀਸ਼ੇ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਪ੍ਰਭਾਵਿਤ ਹੋਣ ਵਾਲਿਆਂ ਵਿਚ ਪਿੰਡ ਮੇਵਾ ਸਿੰਘ ਵਾਲਾ ਦੇ ਅਧਿਆਪਕ ਉਪਿੰਦਰ ਸਿੰਘ, ਪਿੰਡ ਸੂਜੋ ਕਾਲੀਆ ਦੇ ਸਰਪੰਚ ਬਲਕਾਰ ਸਿੰਘ, ਪਿੰਡ ਪੰਮਣਾ ਦੇ ਮਨਪ੍ਰੀਤ ਸਿੰਘ ਅਤੇ ਨਿਰਮਲ ਕੁਟੀਆ ਨੇੜੇ ਰਹਿਣ ਵਾਲੇ ਪ੍ਰਾਪਰਟੀ ਡੀਲਰ ਅਮਰੀਕ ਸਿੰਘ ਗੋਲਡੀ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਦੋ ਗੱਡੀਆਂ ਦੇ ਵੀ ਸ਼ੀਸ਼ੇ ਤੋੜੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਹ ਸਾਰੀਆਂ ਵਾਰਦਾਤਾਂ ਇੰਨੀ ਤੇਜ਼ੀ ਅਤੇ ਯੋਜਨਾ ਨਾਲ ਕੀਤੀਆਂ ਗਈਆਂ ਕਿ ਲੋਕਾਂ ਨੂੰ ਸਮਝ ਹੀ ਨਹੀਂ ਆਇਆ ਕਿ ਕਦੋਂ ਇਕ ਪਿੰਡ ਤੋਂ ਦੂਜੇ ਪਿੰਡ ਤੱਕ ਚੋਰ ਆਪਣਾ ਜਾਲ ਫੈਲਾ ਗਿਆ। ਸੂਤਰਾਂ ਦੇ ਹਵਾਲੇ ਨਾਲ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੰਦੇਹੀ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਧਰ ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਪੈਟਰੋਲਿੰਗ ਵਧਾਈ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਵਾਰਦਾਤਾਂ ‘ਤੇ ਰੋਕ ਲੱਗ ਸਕੇ ਤੇ ਲੋਕਾਂ ਵਿਚ ਪੈਦਾ ਹੋਈ ਦਹਿਸ਼ਤ ਨੂੰ ਖਤਮ ਕੀਤਾ ਜਾ ਸਕੇ।