ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ
ਬਸਤੀ ਰੰਗੀਲਪੁਰ ’ਚ ਅੱਧੀ ਰਾਤ ਚੋਰਾਂ ਦਾ ਧਾਵਾ, 15 ਤੋਲੇ ਸੋਨਾ, ਲੱਖਾਂ ਦੀ ਨਗਦੀ ਤੇ ਯੂਰੋ ਲੈ ਹੋਏ ਫਰਾਰ
Publish Date: Sun, 19 Apr 2026 07:24 PM (IST)
Updated Date: Sun, 19 Apr 2026 07:27 PM (IST)
- 15 ਤੋਲੇ ਗਹਿਣੇ, ਲੱਖਾਂ ਦੀ ਨਕਦੀ ਤੇ ਯੂਰੋ ਲੈ ਕੇ ਹੋਏ ਫ਼ਰਾਰ
ਕੁਲਵਿੰਦਰ ਸਿੰਘ, ਲਾਡੀ ਪੰਜਾਬੀ ਜਾਗਰਣ
ਫੱਤੂਢੀਗਾ : ਇਲਾਕੇ ਵਿੱਚ ਚੋਰੀਆਂ ਦੀਆਂ ਵਧਦੀਆਂ ਵਾਰਦਾਤਾਂ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਤਾਜ਼ਾ ਮਾਮਲਾ ਪਿੰਡ ਬਸਤੀ ਰੰਗੀਲਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੀ ਅੱਧੀ ਰਾਤ 4-5 ਅਣਪਛਾਤੇ ਚੋਰਾਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਘਰੋਂ ਕਰੀਬ ਸੋਨੇ ਦੇ ਗਹਿਣੇ, ਨਕਦੀ ਅਤੇ ਵਿਦੇਸ਼ੀ ਕਰੰਸੀ ਯੂਰੋ ਲੈ ਕੇ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਿਕ ਪੀੜਤ ਸ਼ੀਤਲ ਸਿੰਘ ਪੁੱਤਰ ਜਗੀਰ ਸਿੰਘ ਦਾ ਸਾਰਾ ਪਰਿਵਾਰ ਰਾਤ ਕਰੀਬ 1 ਵਜੇ ਗਹਿਰੀ ਨੀਂਦ ਵਿੱਚ ਸੋ ਰਿਹਾ ਸੀ। ਇਸ ਦੌਰਾਨ ਚੋਰ ਬੜੀ ਚਾਲਾਕੀ ਨਾਲ ਘਰ ਵਿੱਚ ਦਾਖਲ ਹੋਏ ਅਤੇ ਕਮਰੇ ਵਿੱਚ ਪਈ ਪੇਟੀ ਦੇ ਤਾਲੇ ਤੋੜ ਕੇ ਕੀਮਤੀ ਸਾਮਾਨ ਚੁੱਕ ਲੈ ਗਏ।
ਸਵੇਰੇ ਜਦੋਂ ਪਰਿਵਾਰ ਜਾਗਿਆ ਤਾਂ ਘਰ ਵਿੱਚ ਪਏ ਸਾਮਾਨ ਦੀ ਉਲਟ-ਪੁਲਟ ਦੇਖ ਕੇ ਹੱਕਾ-ਬੱਕਾ ਰਹਿ ਗਿਆ ਅਤੇ ਚੋਰੀ ਦਾ ਪਤਾ ਲੱਗਣ ’ਤੇ ਘਰ ਵਿੱਚ ਹੜਕੰਪ ਮਚ ਗਿਆ। ਉਨ੍ਹਾਂ ਦੱਸਿਆ ਕਿ ਚੋਰ ਘਰੋਂ ਕਰੀਬ 15 ਤੋਲੇ ਸੋਨੇ ਦੇ ਗਹਿਣੇ, ਲਗਭਗ 1 ਲੱਖ ਰੁਪਏ ਨਕਦੀ ਅਤੇ 500 ਯੂਰੋ ਲੈ ਕੇ ਆਸਾਨੀ ਨਾਲ ਫ਼ਰਾਰ ਹੋ ਗਏ। ਦੂਜੇ ਪਾਸੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ, ਪਰ ਵੱਡੀ ਚੋਰੀ ਦੀ ਇਸ ਵਾਰਦਾਤ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਪੈਟਰੋਲਿੰਗ ਵਧਾਈ ਜਾਵੇ ਅਤੇ ਅਜਿਹੀਆਂ ਘਟਨਾਵਾਂ ’ਤੇ ਰੋਕ ਲਾਉਣ ਲਈ ਢੁੱਕਵੇਂ ਕਦਮ ਚੁੱਕੇ ਜਾਣ।