ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਸੋਨੇ ਦੇ ਗਹਿਣੇ ਚੋਰੀ
ਘਰ ਦੀ ਤਾਕੀ ਪੱਟ ਕੇ ਚੋਰ ਲੱਖ ਰੁਪਏ ਨਗਦੀ, ਡਾਲਰ ਅਤੇ ਢਾਈ ਲੱਖ ਦਾ ਸੋਨਾ ਲੈ ਕੇ ਰਫ਼ੂ ਚੱਕਰ
Publish Date: Sun, 17 May 2026 09:44 PM (IST)
Updated Date: Sun, 17 May 2026 09:45 PM (IST)
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ
ਕਾਲਾ ਸੰਘਿਆਂ : ਪਿੰਡ ਕੁਹਾਲੇ ਨੂੰ ਜਾਂਦੇ ਕੱਚੇ ਰਾਹ ’ਤੇ ਸਥਿਤ ਸੰਤੋਖ ਸਿੰਘ ਦੇ ਗ੍ਰਹਿ ਵਿਖੇ ਬੀਤੀ ਰਾਤ ਚੋਰਾਂ ਨੇ ਧਾਵਾ ਬੋਲ ਕੇ ਢਾਈ ਲੱਖ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਘਰ ਦੀ ਖਿੜਕੀ ਪੱਟ ਕੇ ਕਰੀਬ ਇਕ ਲੱਖ ਰੁਪਏ ਦੀ ਨਕਦੀ, ਡਾਲਰ ਅਤੇ ਢਾਈ ਲੱਖ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਘਰ ਅੰਦਰ ਦਾਖ਼ਲ ਹੋਣ ਲਈ ਚੋਰਾਂ ਨੇ ਖਿੜਕੀ ਦੀ ਜਾਲੀ ਪੱਟ ਕੇ ਅਤੇ ਵਿਚਲੇ ਸਰੀਏ ਨੂੰ ਬਾਰੀ ਨਾਲ ਮੋੜ ਕੇ ਕਮਰੇ ਅੰਦਰ ਦਾਖਲ ਹੋਏ ਅਤੇ ਕਮਰੇ ਨੂੰ ਅੰਦਰੋਂ ਕੁੰਡੀਆਂ ਲਗਾ ਲਈਆਂ ਕਮਰੇ ਅੰਦਰ ਪਈ ਅਲਮਾਰੀ ਵਿਚਲੇ ਪਰਸ ਅਤੇ ਸਾਰਾ ਕੀਮਤੀ ਸਾਮਾਨ ਅਤੇ ਪੇਟੀ ਆਦਿ ਨੂੰ ਫੋਲ ਕੇ ਸਾਮਾਨ ਨੂੰ ਬਾਹਰ ਕੱਢ ਲਿਆ। ਚੋਰਾਂ ਨੇ ਚੋਰੀ ਕੀਤੇ ਪਰਸ ਅਤੇ ਸਾਮਾਨ ਘਰ ਤੋਂ ਥੋੜ੍ਹੀ ਦੂਰੀ ਤੇ ਜਾ ਕੇ ਫਰੋਲਿਆ ਅਤੇ ਨਕਦੀ ਅਤੇ ਤੇ ਸੋਨੇ ਦੇ ਗਹਿਣੇ ਲੈ ਗਏ ਤੇ ਬਾਕੀ ਸਾਰਾ ਕੁਝ ਉੱਥੇ ਸੁੱਟ ਗਏ।
ਦੱਸਣਯੋਗ ਹੈ ਚੋਰੀ ਕੀਤੇ ਪਰਸਾਂ ਵਿੱਚ ਪਰਿਵਾਰ ਦੇ ਪਾਸਪੋਰਟ ਅਤੇ ਹੋਰ ਜ਼ਰੂਰੀ ਕਾਗਜ਼ਾਤ, ਕੱਪੜੇ ਸਾਮਾਨ ਆਦਿ ਸੀ ਅਤੇ ਇਸ ਸਾਮਾਨ ਨੂੰ ਵੀ ਚੋਰ ਉੱਥੇ ਹੀ ਸੁੱਟ ਗਏ ਘਰ ਦੇ ਮੁਖੀ ਪਵਿੱਤਰ ਸਿੰਘ ਸੰਘਾ ਅਤੇ ਸੰਤੋਖ ਸਿੰਘ ਨੇ ਦੱਸਿਆ ਕਿ ਉਹ ਤਿੰਨੇ ਭਰਾ ਸਾਂਝਾ ਪਰਿਵਾਰ ਇੱਥੇ ਰਹਿੰਦੇ ਹਨ। ਇਹ ਪਹਿਲੀ ਵਾਰ ਹੋਇਆ ਕਿ ਚੋਰਾਂ ਨੇ ਇੰਨੀ ਦਲੇਰੀ ਨਾਲ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਇਹੀ ਚੋਰ ਅਮਰੀਕ ਸਿੰਘ ਅਤੇ ਨਿਰਮਲ ਸਿੰਘ ਪੁੱਤਰ ਬਾਵਾ ਸਿੰਘ ਦੀ ਗ੍ਰਹਿ ਵਿਖੇ ਵੀ ਗਏ ਪਰ ਖਿੜਕੀ ’ਤੇ ਲਾਏ ਐਂਗਲ ਮਜ਼ਬੂਤ ਹੋਣ ਕਾਰਨ ਇੱਥੇ ਘਟਨਾ ਨੂੰ ਅੰਜ਼ਾਮ ਦੇਣ ਵਿੱਚ ਨਾ ਕਾਮਯਾਬ ਰਹੇ। ਸੰਤੋਖ ਸਿੰਘ ਅਤੇ ਨਿਰਮਲ ਸਿੰਘ ਨੇ ਕਿਹਾ ਕਿ ਉਹ ਦਿਨ ਸਮੇਂ ਬੈਂਕ ਤੋਂ ਪੈਸੇ ਲੈ ਕੇ ਆਏ ਸਨ, ਜਿਸ ’ਤੇ ਖਦਸ਼ਾ ਕੀਤਾ ਜਾਂਦਾ ਹੈ ਕਿ ਉਸ ਸਮੇਂ ਤੋਂ ਹੀ ਚੋਰਾਂ ਨੇ ਇਨ੍ਹਾਂ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਹੋਵੇ। ਪੀੜਤਾਂ ਨੇ ਪੁਲਿਸ ਨੂੰ ਚੋਰਾਂ ਦੀ ਭਾਲ ਲਈ ਹੰਬਲਾ ਮਾਰਨ ਦੀ ਬੇਨਤੀ ਕੀਤੀ ਹੈ। ਕਸਬਾ ਕਾਲਾ ਸੰਘਿਆਂ ਦੀ ਪੁਲਿਸ ਚੌਕੀ ਦੇ ਇੰਚਾਰਜ ਅਮਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਘਟਨਾ ਸਥਾਨ ’ਤੇ ਪਹੁੰਚੇ ਅਤੇ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਲਈ ਤਫਤੀਸ਼ ਸ਼ੁਰੂ ਕਰ ਦਿੱਤੀ। ਮੌਕੇ ’ਤੇ ਇਕੱਤਰ ਪਿੰਡ ਵਾਸੀਆਂ ਨੇ ਹੋ ਰਹੀਆਂ ਇਨ੍ਹਾਂ ਘਟਨਾਵਾਂ ’ਤੇ ਨੱਥ ਪਾਉਣ ਲਈ ਪੁਲਿਸ ਨੂੰ ਸਖਤੀ ਵਰਤਣ ਦੀ ਮੰਗ ਕੀਤੀ।