ਪੰਜਾਬ ’ਚ ਡਰਾਉਣ ਲੱਗਾ ਐੱਚਆਈਵੀ ਦਾ ਕਹਿਰ
ਪੰਜਾਬ ਵਿੱਚ ਡਰਾਉਣ ਲੱਗਾ ਐੱਚਆਈਵੀ ਦਾ ਕਹਿਰ, ਨਸ਼ੇ ਦੇ ਟੀਕਿਆਂ ਅਤੇ ਅਨਸੇਫ ਸੈਕਸ ਕਾਰਨ ਵਧੇ ਮਾਮਲੇ : ਡਾ ਕੁਲਦੀਪ ਕਲੇਰ
Publish Date: Fri, 29 May 2026 11:37 PM (IST)
Updated Date: Fri, 29 May 2026 11:41 PM (IST)

ਐੱਨਸੀਬੀ ਦੀ ਤਾਜ਼ਾ ਰਿਪੋਰਟ ਮੁਤਾਬਕ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਨਸ਼ੇ ਦੇ ਟੀਕਿਆਂ ਅਤੇ ਅਨਸੇਫ ਸੈਕਸ ਕਾਰਨ ਵਧੇ ਮਾਮਲੇ : ਡਾ. ਕੁਲਦੀਪ ਕਲੇਰ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਪੰਜਾਬ ਵਿਚ ਨਸ਼ੇ ਦੀ ਲਤ ਹੁਣ ਇਕ ਹੋਰ ਭਿਆਨਕ ਬਿਮਾਰੀ ਨੂੰ ਜਨਮ ਦੇ ਰਹੀ ਹੈ ਤੇ ਐੱਚਆਈਵੀ ਦੇ ਵਧ ਰਹੇ ਮਾਮਲਿਆਂ ਨੇ ਸਿਹਤ ਵਿਭਾਗ ਤੇ ਸਮਾਜਿਕ ਸੰਸਥਾਵਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀ ਤਾਜ਼ਾ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਨਸ਼ੇ ਦੇ ਟੀਕੇ ਲਗਾਉਣ ਵਾਲੇ ਲੋਕਾਂ ਵੱਲੋਂ ਇਕੋ ਹੀ ਸਰਿੰਜ ਦੀ ਵਰਤੋਂ ਤੇ ਅਨਸੇਫ ਸੈਕਸ ਕਾਰਨ ਐੱਚਆਈਵੀ ਵਾਇਰਸ ਦਿਨੋਂ-ਦਿਨ ਤੇਜ਼ੀ ਨਾਲ ਫੈਲ ਰਿਹਾ ਹੈ। ਐੱਨਸੀਬੀ ਰਿਪੋਰਟ ਅਨੁਸਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਐੱਚਆਈਵੀ ਦੇ ਨਵੇਂ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਖਾਸ ਕਰਕੇ ਨੌਜਵਾਨ ਵਰਗ ਇਸਦੀ ਚਪੇਟ ਵਿਚ ਜ਼ਿਆਦਾ ਆ ਰਿਹਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਲਤ ਕਾਰਨ ਲੋਕ ਇਕੋ ਹੀ ਸਰਿੰਜ ਨੂੰ ਇਸਤੇਮਾਲ ਕਰਕੇ ਸਾਵਧਾਨੀਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੇ ਹਨ, ਜਿਸ ਨਾਲ ਇਹ ਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਤੇਜ਼ੀ ਨਾਲ ਫੈਲ ਰਿਹਾ ਹੈ। ਡਾ. ਕੁਲਦੀਪ ਕਲੇਰ ਦਿਲ, ਸ਼ੂਗਰ ਤੇ ਸਕੈਨਿੰਗ ਦੇ ਮਾਹਿਰ (ਐੱਮਬੀਬੀਐੱਸ, ਐੱਮਐੱਸ, ਐਕਸ ਪੀਜੀਆਈ ਚੰਡੀਗੜ੍ਹ) ਨੇ ਚੇਤਾਵਨੀ ਦਿੱਤੀ ਹੈ ਕਿ ਐੱਚਆਈਵੀ ਤੋਂ ਬਚਾਅ ਲਈ ਸਿਰਫ਼ ਸੁਰੱਖਿਅਤ ਸਰਿੰਜਾਂ ਦੀ ਵਰਤੋਂ ਹੀ ਨਹੀਂ, ਸਗੋਂ ਸੁਰੱਖਿਅਤ ਸਰੀਰਕ ਸਬੰਧ ਵੀ ਬਹੁਤ ਜ਼ਰੂਰੀ ਹੁੰਦੇ ਹਨ। ਮਾਹਿਰਾਂ ਮੁਤਾਬਕ ਸਮੇਂ-ਸਮੇਂ ’ਤੇ ਜਾਂਚ ਕਰਵਾਉਣ ਤੇ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ। ਸਮਾਜਿਕ ਸੰਸਥਾਵਾਂ ਦਾ ਵੀ ਕਹਿਣਾ ਹੈ ਕਿ ਜੇਕਰ ਨਸ਼ੇ ਦੇ ਵਿਰੁੱਧ ਸਖ਼ਤ ਕਾਰਵਾਈ ਅਤੇ ਜਾਗਰੂਕਤਾ ਮੁਹਿੰਮਾਂ ਨੂੰ ਗੰਭੀਰਤਾ ਨਾਲ ਨਾ ਚਲਾਇਆ ਗਿਆ ਤਾਂ ਪੰਜਾਬ ਵਿਚ ਐੱਚਆਈਵੀ ਦੀ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਸਮੇਂ ਸਿਰ ਜਾਣਕਾਰੀ ਤੇ ਸਾਵਧਾਨੀ ਨਾਲ ਕੀਤਾ ਜਾ ਸਕਦਾ ਹੈ ਬਚਾਅ ਐੱਚਆਈਵੀ ਦਾ ਪੂਰਾ ਨਾਮ ਹਿਊਮਨ ਇਮਿਊਨੋ ਡਿਫੀਸ਼ੈਂਸੀ ਵਾਇਰਸ ਹੈ। ਇਹ ਇਕ ਐਸਾ ਵਾਇਰਸ ਹੈ ਜੋ ਮਨੁੱਖ ਦੇ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ (ਇਮਿਊਨ ਸਿਸਟਮ) ਨੂੰ ਕਮਜ਼ੋਰ ਕਰ ਦਿੰਦਾ ਹੈ। ਇਹ ਵਾਇਰਸ ਸਰੀਰ ਦੇ ਸੀਡੀ4 ਸੈੱਲਾਂ ‘ਤੇ ਹਮਲਾ ਕਰਦਾ ਹੈ, ਜੋ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਵਿਚ ਮਦਦ ਕਰਦੇ ਹਨ। ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਐੱਚਆਈਵੀ ਦੀ ਅਗਲੀ ਸਟੇਜ ਨੂੰ ਏਡਜ਼ ਕਿਹਾ ਜਾਂਦਾ ਹੈ। ਇਸ ਹਾਲਤ ਵਿਚ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਬਹੁਤ ਘੱਟ ਹੋ ਜਾਂਦੀ ਹੈ ਤੇ ਆਮ ਬਿਮਾਰੀਆਂ ਵੀ ਜਾਨਲੇਵਾ ਸਾਬਤ ਹੋ ਸਕਦੀਆਂ ਹਨ। ਐੱਚਆਈਵੀ ਕਿਵੇਂ ਫੈਲਦਾ ਹੈ? ਡਾ. ਕੁਲਦੀਪ ਕਲੇਰ ਅਨੁਸਾਰ ਐੱਚਆਈਵੀ ਨਸ਼ੇ ਦੇ ਟੀਕੇ ਲਗਾਉਣ ਲਈ ਇਕੋ ਸਰਿੰਜ ਦੀ ਵਰਤੋਂ ਕਰਨ ਨਾਲ, ਅਨਸੇਫ ਸੈਕਸ ਜਾਂ ਬਿਨਾਂ ਸੁਰੱਖਿਆ ਸਰੀਰਕ ਸਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਚੜ੍ਹਾਉਣ ਨਾਲ, ਗਰਭਵਤੀ ਮਾਂ ਤੋਂ ਬੱਚੇ ਨੂੰ, ਸੰਕ੍ਰਮਿਤ ਬਲੇਡ ਜਾਂ ਸੂਈ ਵਰਤਣ ਨਾਲ ਐੱਚਆਈਵੀ ਵਾਇਰਸ ਫੈਲਦਾ ਹੈ। ਕਿਵੇਂ ਨਹੀਂ ਫੈਲਦਾ ਐੱਚਆਈਵੀ : ਡਾਕਟਰਾਂ ਮੁਤਾਬਕ ਐੱਚਆਈਵੀ ਹੱਥ ਮਿਲਾਉਣ, ਇਕੱਠੇ ਖਾਣ-ਪੀਣ, ਗਲੇ ਮਿਲਣ, ਛਿੱਕਣ ਨਾਲ ਜਾਂ ਮੱਛਰ ਦੇ ਕੱਟਣ ਨਾਲ ਨਹੀਂ ਫੈਲਦਾ। ਐੱਚਆਈਵੀ ਦੇ ਲੱਛਣ : ਸ਼ੁਰੂਆਤੀ ਦੌਰ ਵਿਚ ਕਈ ਵਾਰ ਕੋਈ ਖਾਸ ਲੱਛਣ ਨਹੀਂ ਹੁੰਦੇ, ਪਰ ਕੁਝ ਲੋਕਾਂ ਵਿਚ ਬੁਖ਼ਾਰ, ਵਜ਼ਨ ਘਟਣਾ, ਬਹੁਤ ਥਕਾਵਟ, ਰਾਤ ਨੂੰ ਪਸੀਨਾ ਆਉਣਾ, ਵਾਰ-ਵਾਰ ਇੰਫੈਕਸ਼ਨ ਹੋਣਾ, ਵਰਗੇ ਲੱਛਣ ਨਜ਼ਰ ਆ ਸਕਦੇ ਹਨ। ਬਚਾਅ ਕਿਵੇਂ ਕਰੀਏ : ਮਾਹਿਰਾਂ ਦਾ ਕਹਿਣਾ ਹੈ ਕਿ ਐੱਚਆਈਵੀ ਤੋਂ ਬਚਾਅ ਲਈ ਹਮੇਸ਼ਾ ਨਵੀਂ ਤੇ ਸੁਰੱਖਿਅਤ ਸਰਿੰਜ ਵਰਤੋ, ਸੁਰੱਖਿਅਤ ਸਰੀਰਕ ਸਬੰਧ ਬਣਾਓ, ਖੂਨ ਚੜ੍ਹਾਉਣ ਤੋਂ ਪਹਿਲਾਂ ਜਾਂਚ ਯਕੀਨੀ ਬਣਾਓ, ਸਮੇਂ-ਸਮੇਂ ’ਤੇ ਐੱਚਆਈਵੀ ਟੈਸਟ ਕਰਵਾਓ, ਨਸ਼ਿਆਂ ਤੋਂ ਦੂਰ ਰਹੋ ਆਦਿ।