ਆਖਰੀ ਦਿਨ ਨਾਮਜ਼ਦਗੀਆਂ ਦੀ ਦੌੜ ਨੇ ਚੜ੍ਹਾਇਆ ਸਿਆਸੀ ਪਾਰਾ
ਆਖਰੀ ਦਿਨ ਨਾਮਜ਼ਦਗੀਆਂ ਦੀ ਦੌੜ ਨੇ ਚੜ੍ਹਾਇਆ ਸਿਆਸੀ ਪਾਰਾ
Publish Date: Sat, 16 May 2026 09:22 PM (IST)
Updated Date: Sat, 16 May 2026 09:24 PM (IST)

ਰਾਖਵਾਂਕਰਨ ਦੇ ਬਦਲਦੇ ਸਮੀਕਰਨ, ਐੱਨਓਸੀ ਦੀ ਭੱਜ-ਦੌੜ ਤੇ ਬਾਗੀਆਂ ਦੀ ਐਂਟਰੀ ਨਾਲ ਚੋਣ ਮੈਦਾਨ ਹੋਇਆ ਭਖ਼ਿਆ ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਕਪੂਰਥਲਾ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦੇ ਆਖਰੀ ਦਿਨ ਸ਼ਹਿਰ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਰਿਹਾ। ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਤੇ ਅਕਾਲੀ ਦਲ ਦੇ ਕੁੱਲ 232 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਸਵੇਰੇ ਤੋਂ ਹੀ ਚੋਣ ਦਫ਼ਤਰਾਂ ਬਾਹਰ ਉਮੀਦਵਾਰਾਂ, ਸਮਰਥਕਾਂ ਤੇ ਸਿਆਸੀ ਆਗੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ, ਜਿਥੇ ਦਿਨ ਭਰ ਕਾਗਜ਼ ਦਾਖਲ ਕਰਵਾਉਣ ਲਈ ਮਾਰਾ-ਮਾਰੀ ਵਾਲੇ ਹਾਲਾਤ ਬਣੇ ਰਹੇ। ਇਸ ਵਾਰ ਦੀਆਂ ਨਿਗਮ ਚੋਣਾਂ ਸ਼ੁਰੂ ਤੋਂ ਹੀ ਵਿਵਾਦਾਂ ਤੇ ਉਲਝਣਾਂ ਵਿਚ ਘਿਰੀਆਂ ਰਹੀਆਂ। ਪਹਿਲਾਂ ਵਾਰਡਾਂ ਦੇ ਰਾਖਵਾਕਰਨ ਵਿਚ ਹੋਏ ਬਦਲਾਵਾਂ ਨੇ ਕਈ ਸੰਭਾਵੀ ਉਮੀਦਵਾਰਾਂ ਦੀ ਰਾਜਨੀਤਿਕ ਗਣਿਤ ਖਰਾਬ ਕਰ ਦਿੱਤਾ, ਜਦਕਿ ਐੱਨਓਸੀ ਹਾਸਲ ਕਰਨ ਲਈ ਵੀ ਕਈ ਦਿਨ ਉਮੀਦਵਾਰਾਂ ਨੂੰ ਦਫ਼ਤਰਾਂ ਦੇ ਚੱਕਰ ਕੱਟਣੇ ਪਏ। ਕਈ ਉਮੀਦਵਾਰ ਤਾਂ ਆਖਰੀ ਸਮੇਂ ਤੱਕ ਆਪਣੇ ਦਸਤਾਵੇਜ਼ ਪੂਰੇ ਕਰਨ ਵਿਚ ਹੀ ਜੁਟੇ ਰਹੇ। ਆਖਰੀ ਦਿਨ ਨਾਮਜ਼ਦਗੀ ਕੇਂਦਰਾਂ ਦੇ ਬਾਹਰ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਨੇ ਤਾਕਤ ਦਾ ਪ੍ਰਦਰਸ਼ਨ ਵੀ ਕੀਤਾ। ਕਈ ਉਮੀਦਵਾਰ ਵੱਡੇ ਕਾਫ਼ਲਿਆਂ ਨਾਲ ਪਹੁੰਚੇ, ਜਿਥੇ ਨਾਅਰੇਬਾਜ਼ੀ ਤੇ ਢੋਲ-ਨਗਾੜਿਆਂ ਨਾਲ ਚੋਣ ਮਾਹੌਲ ਪੂਰੀ ਤਰ੍ਹਾਂ ਸਿਖਰ ‘ਤੇ ਨਜ਼ਰ ਆਇਆ। ਦੂਜੇ ਪਾਸੇ, ਟਿਕਟ ਵੰਡ ਨੂੰ ਲੈ ਕੇ ਹਰ ਵੱਡੇ ਦਲ ਵਿਚ ਅਸੰਤੁਸ਼ਟੀ ਵੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਕਈ ਵਾਰਡਾਂ ਵਿਚ ਟਿਕਟ ਨਾ ਮਿਲਣ ਤੋਂ ਨਾਰਾਜ਼ ਆਗੂਆਂ ਤੇ ਵਰਕਰਾਂ ਨੇ ਬਾਗੀ ਰੂਪ ਵਿਚ ਚੋਣ ਮੈਦਾਨ ਵਿਚ ਉਤਰਣ ਦਾ ਫ਼ੈਸਲਾ ਕਰ ਲਿਆ ਹੈ। ਸਿਆਸੀ ਪਾਰਟੀਆਂ ਵਿਚ ਅੰਦਰੂਨੀ ਤਣਾਅ ਤੇ ‘ਤੰਤਰਵਾਦੀ ਸੋਚ’ ਦੇ ਡਰ ਕਾਰਨ ਕਈ ਦਾਅਵੇਦਾਰ ਹੁਣ ਅਜ਼ਾਦ ਉਮੀਦਵਾਰ ਵਜੋਂ ਕਿਸਮਤ ਅਜ਼ਮਾਉਣ ਲਈ ਤਿਆਰ ਹਨ। ਇਹ ਬਾਗੀ ਉਮੀਦਵਾਰ ਹੁਣ ਕਾਂਗਰਸ, ਆਪ, ਭਾਜਪਾ ਤੇ ਅਕਾਲੀ ਦਲ ਸਭ ਲਈ ਵੱਡੀ ਚੁਣੌਤੀ ਬਣ ਸਕਦੇ ਹਨ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਸ ਵਾਰ ਨਿਗਮ ਚੋਣਾਂ ਵਿਚ ਸਿੱਧੀ ਟੱਕਰ ਦੇ ਨਾਲ-ਨਾਲ ਬਾਗੀਆਂ ਦਾ ਪ੍ਰਭਾਵ ਵੀ ਨਤੀਜਿਆਂ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰ ਸਕਦਾ ਹੈ। ਕਈ ਵਾਰਡਾਂ ਵਿਚ ਅਸਲ ਮੁਕਾਬਲਾ ਹੁਣ ਪਾਰਟੀ ਉਮੀਦਵਾਰਾਂ ਤੇ ਬਾਗੀਆਂ ਵਿਚਕਾਰ ਬਣਦਾ ਦਿਖਾਈ ਦੇ ਰਿਹਾ ਹੈ। ਹੁਣ ਨਾਮਜ਼ਦਗੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਸਿਆਸੀ ਦਲਾਂ ਦੀ ਨਜ਼ਰ ਬਾਗੀਆਂ ਨੂੰ ਮਨਾਉਣ ਤੇ ਚੋਣ ਰਣਨੀਤੀ ਨੂੰ ਅੰਤਿਮ ਰੂਪ ਦੇਣ ‘ਤੇ ਟਿਕ ਗਈ ਹੈ। ਆਉਣ ਵਾਲੇ ਦਿਨਾਂ ਵਿਚ ਕਪੂਰਥਲਾ ਦੀ ਸਿਆਸਤ ਹੋਰ ਵੀ ਦਿਲਚਸਪ ਤੇ ਭਕ਼ਦੀ ਨਜ਼ਰ ਆ ਸਕਦੀ ਹੈ।