ਬੱਚਿਆਂ ਦੀ ਮਾਂ ਹੀ ਨਿਕਲੀ ਕਾਤਲ, ਮਾਮਲਾ ਦਰਜ
ਹੱਤਿਆ ਦਾ ਮਾਮਲਾ ਦਰਜ, ਦੋਵਾਂ ਬੱਚਿਆਂ ਦਾ ਅੰਤਿਮ ਸੰਸਕਾਰ ਕੀਤਾ
Publish Date: Thu, 07 May 2026 10:32 PM (IST)
Updated Date: Thu, 07 May 2026 10:32 PM (IST)

ਡੋਬ ਕੇ ਮਾਰ ਦੇਣ ਦਾ ਦੋਸ਼, ਦੋਵਾਂ ਬੱਚਿਆਂ ਦਾ ਅੰਤਿਮ ਸੰਸਕਾਰ ਕੀਤਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੀਤੇ ਦਿਨ ਕਾਲੀ ਵੇਈਂ ਵਿਚ ਇਕ ਮਾਂ ਵੱਲੋਂ ਆਪਣੇ ਦੋ ਪੁੱਤਰਾਂ ਸਮੇਤ ਛਾਲ ਮਾਰ ਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਵਿਚ ਪੁੱਤਰਾਂ ਦੀ ਤਾਂ ਜਾਨ ਚਲੀ ਗਈ ਸੀ ਪਰ ਮਾਂ ਨੂੰ ਲੋਕਾਂ ਵੱਲੋਂ ਬਚਾ ਲਿਆ ਗਿਆ ਸੀ। ਸੁਲਤਾਨਪੁਰ ਲੋਧੀ ਵਿਚ ਦਿਲ ਕੰਬਾ ਦੇਣ ਵਾਲੀ ਘਟਨਾ ਦੀ ਜਾਂਚ ਕੀਤੀ ਗਈ ਤਾਂ ਮਾਮਲਾ ਗੰਭੀਰ ਹੋਣ ਕਾਰਨ ਪੁਲਿਸ ਨੂੰ ਇਹ ਮਾਮਲਾ ਘਰੇਲੂ ਕਲੇਸ਼ ਵਾਲਾ ਲੱਗਿਆ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਕੀਤੀ ਗਈ ਪੁਛਗਿੱਛ ਵਿੱਚ ਉਸਦੇ ਪਤੀ ਨੇ ਦੱਸਿਆ ਕਿ ਘਰ ਵਿਚ ਕਲੇਸ਼ ਰਹਿੰਦਾ ਸੀ ਜਿਸ ਨੂੰ ਰੋਕਣ ਲਈ ਉਸਨੇ ਬਹੁਤ ਕੋਸ਼ਿਸ਼ ਕੀਤੀ ਪਰ ਸਹੁਰੇ ਪਰਿਵਾਰ ਦੀ ਵਧਦੀ ਦਖਲਅੰਦਾਜ਼ੀ ਨਾਲ ਹਾਲਾਤ ਇਥੋਂ ਤੱਕ ਪਹੁੰਚ ਜਾਣਗੇ, ਇਹ ਉਸਨੇ ਕਦੇ ਨਹੀਂ ਸੋਚਿਆ ਸੀ। ਉਸ ਨੇ ਦੱਸਿਆ ਕਿ ਸਵੇਰੇ ਬੱਚਿਆਂ ਨੂੰ ਉਹ ਸਕੂਲ ਛੱਡ ਕੇ ਆਇਆ ਸੀ ਤੇ ਬਾਅਦ ਵਿਚ ਉਹ ਪਿੰਡ ਡੱਲਾ ਵਿਖੇ ਗੁਰਦੁਆਰਾ ਬਾਉਲੀ ਸਾਹਿਬ ਵਿਚ ਸੇਵਾ ਕਰਨ ਲਈ ਚਲਾ ਗਿਆ ਸੀ। ਬਾਅਦ ਵਿਚ ਮੇਰੀ ਪਤਨੀ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਕਰਵਾ ਕੇ ਕਾਲੀ ਵੇਈਂ ਵੱਲ ਲੈ ਗਈ। ਪਹਿਲਾਂ ਉਸਨੇ ਦੋਵੇਂ ਬੱਚਿਆਂ 6 ਸਾਲਾ ਵੀਰਪ੍ਰਤਾਪ ਸਿੰਘ ਤੇ 3 ਸਾਲਾ ਗੁਰਪ੍ਰਤਾਪ ਸਿੰਘ ਨੂੰ ਵੇਈਂ ਵਿਚ ਸੁੱਟ ਕੇ ਡੋਬ ਕੇ ਮਾਰ ਦਿੱਤਾ ਤੇ ਫਿਰ ਖੁਦ ਲੋਕਾਂ ਵੱਲੋਂ ਵੇਖਣ ’ਤੇ ਵੇਈਂ ਵਿਚ ਛਾਲ ਮਾਰ ਲਈ। ਅੱਜ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਚ ਬੱਚਿਆਂ ਦਾ ਪੋਸਟਮਾਰਟਮ ਕਰਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ, ਜਿਨ੍ਹਾਂ ਦਾ ਉਪਰੰਤ ਸ਼ਿਵਪੁਰੀ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਪੁਲਿਸ ਵੱਲੋਂ ਮਾਂ ’ਤੇ ਹੱਤਿਆ ਦਾ ਕੇਸ ਦਰਜ- ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਬੱਚਿਆਂ ਦੇ ਪਿਤਾ ਭਰਪੂਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਮਾਂ ਸਿਮਰਤ ਕੌਰ ਦੇ ਖਿਲਾਫ ਆਪਣੇ ਹੀ ਪੁੱਤਰਾਂ ਨੂੰ ਮਾਰ ਦੇਣ ਦੇ ਦੋਸ਼ ਵਿਚ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਦਾ ਰਿਮਾਂਡ ਲੈ ਕੇ ਉਸ ਪਾਸੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।