ਲੜਕੀਆਂ ਹਰ ਖੇਤਰ ’ਚ ਨਾਂ ਕਮਾ ਰਹੀਆਂ
ਘਰ ਦੀਆਂ ਚਾਰ ਦੀਵਾਰੀਆਂ ਤੋਂ ਅਸਮਾਨ ਤੱਕ ਪਹੁੰਚਦੀਆਂ ਧੀਆਂ ਦਾ ਸਫ਼ਰ
Publish Date: Sun, 19 Apr 2026 07:16 PM (IST)
Updated Date: Sun, 19 Apr 2026 07:18 PM (IST)

ਪਰਮਜੀਤ ਸਿੰਘ, ਪੰਜਾਬੀ ਜਾਗਰਣ, ਡਡਵਿੰਡੀ : ਇੱਕ ਸਮਾਂ ਸੀ ਜਦੋਂ ਸਮਾਜ ਵਿੱਚ ਲੜਕੀਆਂ ਨੂੰ ਘਰ ਦੀਆਂ ਚਾਰਦੀਵਾਰੀਆਂ ਤੱਕ ਹੀ ਸੀਮਿਤ ਰੱਖਿਆ ਜਾਂਦਾ ਸੀ। ਉਨ੍ਹਾਂ ਦੀ ਜ਼ਿੰਦਗੀ ਰਸੋਈ, ਘਰੇਲੂ ਕੰਮਾਂ ਕਾਰਾਂ ਅਤੇ ਪਰਿਵਾਰ ਦੀ ਸੰਭਾਲ ਤੱਕ ਹੀ ਸੀਮਿਤ ਮੰਨੀ ਜਾਂਦੀ ਸੀ। ਉਨ੍ਹਾਂ ਨੂੰ ਪੜ੍ਹਾਈ-ਲਿਖਾਈ ਜਾਂ ਬਾਹਰ ਨਿਕਲ ਕੇ ਆਪਣੀ ਪਛਾਣ ਬਣਾਉਣ ਦੇ ਮੌਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵੱਲੋਂ ਬਹੁਤ ਘੱਟ ਮਿਲਦੇ ਸਨ। ਮਾਪੇ ਵੀ ਇਹੀ ਸੋਚਦੇ ਸਨ ਕਿ ਲੜਕੀਆਂ ਦਾ ਅਸਲੀ ਘਰ ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਹੈ, ਇਸ ਲਈ ਉਨ੍ਹਾਂ ਦੀ ਸਿੱਖਿਆ ਜਾਂ ਕਰੀਅਰ ’ਤੇ ਵਧੇਰੇ ਧਿਆਨ ਨਹੀਂ ਦਿੱਤਾ ਜਾਂਦਾ ਸੀ। ਪਰ ਸਮੇਂ ਦੇ ਨਾਲ-ਨਾਲ ਫਿਰ ਸੋਚ ਵਿੱਚ ਵੀ ਵੱਡਾ ਬਦਲਾਅ ਆਇਆ। ਸਿੱਖਿਆ ਦੇ ਪ੍ਰਸਾਰ, ਜਾਗਰੂਕਤਾ ਅਤੇ ਕਾਨੂੰਨੀ ਹੱਕਾਂ ਨੇ ਲੜਕੀਆਂ ਨੂੰ ਨਵੀਂ ਦਿਸ਼ਾ ਦਿੱਤੀ। ਮਾਪਿਆਂ ਨੇ ਸਮਝਿਆ ਕਿ ਧੀਆਂ ਵੀ ਪੁੱਤਰਾਂ ਵਾਂਗ ਸਮਰੱਥ ਹਨ ਅਤੇ ਉਨ੍ਹਾਂ ਨੂੰ ਵੀ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਹਨ। ਅੱਜ ਦੀ ਲੜਕੀ ਹਰ ਖੇਤਰ ਵਿੱਚ ਆਪਣਾ ਨਾਮ ਕਮਾ ਰਹੀ ਹੈ। ਚਾਹੇ ਉਹ ਸਿੱਖਿਆ ਹੋਵੇ, ਖੇਡਾਂ, ਵਿਗਿਆਨ, ਰਾਜਨੀਤੀ ਜਾਂ ਕਾਰੋਬਾਰ। ਕਈ ਥਾਵਾਂ ’ਤੇ ਲੜਕੀਆਂ ਨੇ ਲੜਕਿਆਂ ਨਾਲੋਂ ਵੀ ਅੱਗੇ ਨਿਕਲ ਕੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਉਹ ਨਾ ਸਿਰਫ ਆਪਣੇ ਪਰਿਵਾਰ ਦਾ ਸਹਾਰਾ ਬਣ ਰਹੀਆਂ ਹਨ, ਸਗੋਂ ਸਮਾਜ ਦੇ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਸ ਬਦਲਾਅ ਦੇ ਪਿੱਛੇ ਸਭ ਤੋਂ ਵੱਡਾ ਯੋਗਦਾਨ ਸਿੱਖਿਆ ਅਤੇ ਸਮਾਜਿਕ ਸੋਚ ਦਾ ਹੈ। ਜਦੋਂ ਲੜਕੀਆਂ ਨੂੰ ਸਹੀ ਮੌਕੇ ਅਤੇ ਹੌਸਲਾ ਮਿਲਦਾ ਹੈ, ਤਾਂ ਉਹ ਕਿਸੇ ਵੀ ਮੰਜ਼ਿਲ ਨੂੰ ਹਾਸਲ ਕਰ ਸਕਦੀਆਂ ਹਨ। ਅੱਜ ਲੋੜ ਹੈ ਕਿ ਇਸ ਬਦਲਦੇ ਸਮੇਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਹਰ ਧੀ ਨੂੰ ਸਿੱਖਿਆ, ਸੁਰੱਖਿਆ ਅਤੇ ਸਮਾਨ ਅਧਿਕਾਰ ਦਿੱਤੇ ਜਾਣ ਤਾਂ ਜੋ ਉਹ ਆਪਣੇ ਸੁਪਨੇ ਪੂਰੇ ਕਰ ਸਕੇ। ਇੱਥੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਜੋ ਲੜਕੀਆਂ ਕਦੇ ਘਰਾਂ ਤੱਕ ਸੀਮਿਤ ਸਨ, ਉਹ ਅੱਜ ਅਸਮਾਨ ਛੂਹ ਰਹੀਆਂ ਹਨ ਅਤੇ ਸਮਾਜ ਨੂੰ ਨਵੀਂ ਉਚਾਈਆਂ ਵੱਲ ਲੈ ਜਾ ਰਹੀਆਂ ਹਨ।