ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਗੌਰਵਮਈ ਇਤਿਹਾਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਗੌਰਵਮਈ ਇਤਿਹਾਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ - ਪ੍ਰਦੀਪ ਧੀਮਾਨ
Publish Date: Tue, 05 May 2026 10:16 PM (IST)
Updated Date: Tue, 05 May 2026 10:17 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਦਾ ਇਕ ਜਥਾ ਰਾਮਗੜ੍ਹੀਆ ਮਿਸਲ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 303ਵੇਂ ਜਨਮ ਦਿਹਾੜੇ ਮੌਕੇ ਪਿੰਡ ਸਿੰਘਪੁਰ ਦਸੂਹਾ ਵਿਖੇ ਰਾਮਗੜ੍ਹੀਆ ਮੈਮੋਰੀਅਲ ਐਜੂਕੇਸ਼ਨਲ ਟਰੱਸਟ ਦੁਆਰਾ ਮਨਾਏ ਗਏ ਸਮਾਗਮ ਵਿਚ ਸ਼ਾਮਲ ਹੋਇਆ। ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਸ੍ਰੀ ਵਿਸ਼ਵਕਰਮਾ ਮੰਦਿਰ ਫਗਵਾੜਾ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸਿੱਖ ਇਤਿਹਾਸ ਦੇ ਇਕ ਬਹਾਦਰ ਜਰਨੈਲ ਤੇ ਰਾਮਗੜ੍ਹੀਆ ਮਿਸਲ ਦੇ ਮੁਖੀ ਸਨ। ਉਨ੍ਹਾਂ ਨੇ 18ਵੀਂ ਸਦੀ ਵਿਚ ਮੁਗਲਾਂ ਤੇ ਅਫ਼ਗਾਨ ਹਮਲਾਵਰਾਂ ਵਿਰੁੱਧ ਕਈ ਜੰਗਾਂ ਲੜੀਆਂ ਤੇ ਦਿੱਲੀ ਦੇ ਲਾਲ ਕਿਲੇ ’ਤੇ ਨਿਸ਼ਾਨ ਸਾਹਿਬ ਲਹਿਰਾਉਣ ਵਾਲੇ ਪ੍ਰਮੁੱਖ ਸਿੱਖ ਯੋਧੇ ਸਨ। ਉਨ੍ਹਾਂ ਨੇ ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ’ਤੇ ਅਹਿਮਦ ਸ਼ਾਹ ਅਬਦਾਲੀ ਤੇ ਹੋਰ ਹਮਲਾਵਰਾਂ ਦੇ ਵਿਰੁੱਧ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਸੂਰਬੀਰਤਾ ਤੇ ਸਿੱਖ ਇਤਿਹਾਸ ਵਿਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹਿਆ ਨੇ ਸਿਰਫ਼ ਕੌਮ ਦੀ ਰੱਖਿਆ ਹੀ ਨਹੀਂ ਕੀਤੀ, ਸਗੋਂ ਸਮਾਜ ਨੂੰ ਇਕ ਨਵੀਂ ਸੇਧ ਵੀ ਦਿੱਤੀ। ਪ੍ਰਦੀਪ ਧੀਮਾਨ ਨੇ ਦੱਸਿਆ ਕਿ ਰਾਮਗੜ੍ਹੀਆ ਐਜੂਕੇਸ਼ਨਲ ਟਰੱਸਟ ਦੇ ਅਹੁਦੇਦਾਰਾਂ ਵੱਲੋਂ ਫਗਵਾੜਾ ਤੋਂ ਪਹੁੰਚੀ ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਦੀ ਟੀਮ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਦੌਰਾਨ ਵਿੱਦਿਅਕ ਤੇ ਸਮਾਜਿਕ ਖੇਤਰ ਵਿਚ ਕੌਮ ਦੀ ਚੜ੍ਹਦੀ ਕਲਾ ਲਈ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜਸਪਾਲ ਸਿੰਘ ਲਾਲ, ਗੁਰਨਾਮ ਸਿੰਘ ਜੂਤਲਾ, ਅਮੋਲਕ ਸਿੰਘ ਝੀਤਾ, ਰਜਿੰਦਰ ਸਿੰਘ ਰੂਪਰਾਏ, ਗੁਰਮੁੱਖ ਸਿੰਘ ਲਾਲ, ਨਰਿੰਦਰ ਸਿੰਘ ਟੱਟਰ, ਸੁੱਖਜੀਤ ਸਿੰਘ ਬੰਸਲ ਆਦਿ ਵੀ ਮੌਜੂਦ ਸਨ।