ਚਰਚ ਦਾ ਮਜ਼ਾਕ ਉਡਾਉਣ ਵਾਲਿਆਂ ਮੰਗੀ ਲਿਖਤੀ ਮੁਆਫੀ
ਕ੍ਰਿਸ਼ਚੀਅਨ ਫੈਲੋਸ਼ਿਪ ਟੀਮ ਨੇ ਸਮਝਦਾਰੀ ਨਾਲ ਸੁਲਝਾਇਆ
Publish Date: Mon, 18 May 2026 09:16 PM (IST)
Updated Date: Mon, 18 May 2026 09:18 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਕੁਝ ਦਿਨ ਪਹਿਲਾਂ ਪਿੰਡ ਫੱਤੂਢੀਂਗਾ ਵਿਚ ਇਕ ਚਰਚ ਦੇ ਅੰਦਰ ਚੱਲ ਰਹੀ ਪ੍ਰਾਰਥਨਾ ਸਭਾ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਹੰਗਾਮਾ ਕਰਨ ਤੇ ਧਾਰਮਿਕ ਸ਼ਬਦਾਂ ਦਾ ਮਜ਼ਾਕ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਈਸਾਈ ਭਾਈਚਾਰੇ ਤੇ ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਵਿਚ ਕਾਫ਼ੀ ਰੋਸ ਸੀ। ਇਸ ਸਬੰਧੀ ਸੋਮਵਾਰ ਨੂੰ ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਦੇ ਨਿਰਦੇਸ਼ਾਂ ਹੇਠ ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਮਾਲਵਾ ਜ਼ੋਨ ਦੇ ਪ੍ਰਧਾਨ ਸੇਵਕ ਸਿੱਧੂ ਤੇ ਫਰੀਦਕੋਟ ਦੀ ਟੀਮ ਕਪੂਰਥਲਾ ਪਹੁੰਚੀ ਤੇ ਮਾਮਲਾ ਸੁਲਝਾ ਲਿਆ। ਇਸ ਦੌਰਾਨ ਪਿੰਡ ਬਾਜੀਕੇ ਦੇ ਸਰਪੰਚ ਕਿਸ਼ਨ ਨੇ ਦਖਲ ਦੇ ਕੇ ਚਰਚ ਦੇ ਅੰਦਰ ਚੱਲ ਰਹੀ ਪ੍ਰਾਰਥਨਾ ਸਭਾ ਦੌਰਾਨ ਹੰਗਾਮਾ ਕਰਨ ਤੇ ਧਾਰਮਿਕ ਸ਼ਬਦਾਂ ਦਾ ਮਜ਼ਾਕ ਉਡਾਉਣ ਵਾਲਿਆਂ ਤੋਂ ਚਰਚ ਦੇ ਪਾਸਟਰ ਸਤਵੀਰ ਤੇ ਆਲ ਇੰਡੀਆ ਕ੍ਰਿਸ਼ਚੀਨ ਫੈਲੋਸ਼ਿਪ ਦੇ ਸਾਹਮਣੇ ਲਿਖਤੀ ਮੁਆਫ਼ੀ ਮੰਗਵਾਈ ਗਈ ਤੇ ਭਵਿੱਖ ਵਿਚ ਅਜਿਹੇ ਘਿਣਾਉਣੇ ਕੰਮ ਨਾ ਦੁਹਰਾਉਣ ਦੀ ਸਹੁੰ ਖਾਧੀ। ਇਸ ਤੋਂ ਬਾਅਦ ਚਰਚ ਦੇ ਪਾਸਟਰ ਸਤਵੀਰ ਤੇ ਆਲ ਇੰਡੀਆ ਕ੍ਰਿਸ਼ਚੀਅਨ ਫੈਲੋਸ਼ਿਪ ਦੇ ਆਗੂਆਂ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ। ਧਿਆਨ ਦੇਣ ਯੋਗ ਹੈ ਕਿ ਪਿਛਲੇ ਦਿਨੀਂ ਚਰਚ ਵਿਚ ਇਕ ਪ੍ਰਾਰਥਨਾ ਸਭਾ ਚੱਲ ਰਹੀ ਸੀ। ਇਸ ਦੌਰਾਨ ਕੁਝ ਸ਼ਰਾਬੀ ਵਿਅਕਤੀ ਚਰਚ ਵਿਚ ਦਾਖਲ ਹੋਏ ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਸੇਵਾਦਾਰਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬਾਹਰ ਸੜਕ ’ਤੇ ਚਲੇ ਗਏ ਤੇ ਪਵਿੱਤਰ ਸ਼ਬਦਾਂ ਦਾ ਮਜ਼ਾਕ ਉਡਾਉਣ ਲੱਗ ਪਏ। ਇਸ ਸਬੰਧ ਵਿਚ ਇਕ ਲਿਖਤੀ ਸ਼ਿਕਾਇਤ 23 ਅਪ੍ਰੈਲ ਨੂੰ ਡੀਐੱਸਪੀ ਸੁਲਤਾਨਪੁਰ ਲੋਧੀ ਨੂੰ ਸੌਂਪੀ ਗਈ ਸੀ। ਇਸ ਮੌਕੇ ਪੰਜਾਬ ਕ੍ਰਿਸ਼ਚੀਨ ਯੂਥ ਫੈਲੋਸ਼ਿਪ ਮਾਲਵਾ ਜ਼ੋਨ ਦੇ ਮੁੱਖ ਸੇਵਕ ਸਿੱਧੂ ਨੇ ਦੱਸਿਆ ਕਿ ਫਰੀਦਕੋਟ ਦੀ ਟੀਮ ਨੇ ਫੱਤੂਢੀਂਗਾ ਪੁਲਿਸ ਸਟੇਸ਼ਨ ਵਿਚ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ ਸੀ। ਇਸ ਮੁੱਦੇ ’ਤੇ ਸਮੁੱਚੇ ਈਸਾਈ ਭਾਈਚਾਰੇ ਨੂੰ ਇਕਜੁੱਟ ਹੋਣ ਦੀ ਅਪੀਲ ਕਰਦੇ ਹੋਏ, ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਜਲਦੀ ਇਨਸਾਫ਼ ਨਾ ਮਿਲਿਆ ਤਾਂ ਪੰਜਾਬ ਪੱਧਰੀ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ ਪਰ ਆਲ ਇੰਡੀਆ ਕ੍ਰਿਸ਼ਚੀਨ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਦੀ ਅਗਵਾਈ ਹੇਠ ਆਲ ਇੰਡੀਆ ਕ੍ਰਿਸ਼ਚੀਨ ਫੈਲੋਸ਼ਿਪ ਮਾਲਵਾ ਜ਼ੋਨ ਦੇ ਪ੍ਰਧਾਨ ਸੇਵਕ ਸਿੱਧੂ ਤੇ ਫਰੀਦਕੋਟ ਟੀਮ ਕਪੂਰਥਲਾ ਪਹੁੰਚੀ ਤੇ ਮਾਮਲੇ ਨੂੰ ਬਹੁਤ ਹੀ ਸਮਝਦਾਰੀ ਨਾਲ ਹੱਲ ਕੀਤਾ, ਜਿਸ ਨਾਲ ਇਕ ਵੱਡਾ ਟਕਰਾਅ ਟਲ ਗਿਆ।