ਖੇੜਾ ਰੋਡ ’ਤੇ ਲਗਾਇਆ ਸਬਜ਼ੀਆਂ ਦਾ ਲੰਗਰ
ਮੋਹਨ ਲਾਲ ਤਨੇਜਾ ਦੇ ਉਪਰਾਲੇ ਸਦਕਾ ਖੇੜਾ ਰੋਡ ਵਿਖੇ ਲਗਾਇਆ ਹਰੀਆਂ ਸਬਜ਼ੀਆਂ ਦਾ ਲੰਗਰ
Publish Date: Tue, 28 Apr 2026 08:50 PM (IST)
Updated Date: Tue, 28 Apr 2026 08:52 PM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ ਫਗਵਾੜਾ : ਸਮਾਜ ਸੇਵਕ ਮੋਹਨ ਲਾਲ ਤਨੇਜਾ ਦੇ ਉਪਰਾਲੇ ਸਦਕਾ ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਸਥਾਨਕ ਖੇੜਾ ਰੋਡ ’ਤੇ ਹਰੀਆਂ ਸਬਜ਼ੀਆਂ ਦਾ ਮਹੀਨਾਵਾਰ ਲੰਗਰ ਲਗਾਇਆ ਗਿਆ ਜਿਸ ਦੀ ਸ਼ੁਰੂਆਤ ਐੱਨਆਰਆਈ ਦਇਆ ਸਿੰਘ ਨੇ ਕਰਵਾਈ। ਉਹਨਾਂ ਨੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਰੀਆਂ ਸਬਜ਼ੀਆਂ ਦੇਸੀ ਦਵਾਈ ਦੀ ਤਰ੍ਹਾਂ ਸਰੀਰ ਲਈ ਫਾਇਦੇਮੰਦ ਹੁੰਦੀਆਂ ਹਨ ਅਤੇ ਕਈ ਰੋਗਾਂ ਤੋਂ ਬਚਾਉਂਦੀਆਂ ਹਨ। ਇਸ ਦੌਰਾਨ ਮੁਹੱਲਾ ਪ੍ਰੇਮ ਨਗਰ, ਮਾਸਟਰ ਸਾਧੂ ਰਾਮ ਨਗਰ, ਗੁਰੂ ਨਾਨਕਪੁਰਾ ਅਤੇ ਖੇੜਾ ਰੋਡ ਦੇ ਵਸਨੀਕਾਂ ਤੋਂ ਇਲਾਵਾ ਰਾਹਗੀਰਾਂ ਨੂੰ ਮੁਫ਼ਤ ਸਬਜ਼ੀਆਂ ਵੰਡੀਆਂ ਗਈਆਂ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਹਰੀਆਂ ਸਬਜ਼ੀਆਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਰੋਜ਼ਾਨਾ ਦੀ ਰੁਟੀਨ ਵਿਚ ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਦੱਸਿਆ ਕਿ ਹਰੀਆਂ ਸਬਜ਼ੀਆਂ ਵਿਟਾਮਿਨ, ਪ੍ਰੋਟੀਨ ਅਤੇ ਖਣਿਜਾਂ ਦਾ ਭੰਡਾਰ ਹੁੰਦੀਆਂ ਹਨ, ਜਿਨ੍ਹਾਂ ਦਾ ਸੇਵਨ ਸਰੀਰਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਮੋਹਨ ਲਾਲ ਤਨੇਜਾ ਨੇ ਦੱਸਿਆ ਕਿ ਇਹ ਉਪਰਾਲਾ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਸਕੱਤਰ ਸੁਰਿੰਦਰ ਪਾਲ, ਵੰਦਨਾ ਸ਼ਰਮਾ, ਸੁਧਾ ਬੇਦੀ, ਵਿਜੇ ਕੁਮਾਰ, ਕੁਲਭੂਸ਼ਨ ਸੂਦ ਆਦਿ ਹਾਜ਼ਰ ਸਨ।